ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤੀਂ ਤੈਨੂੰ ਯਾਦ ਕਰਦਿਆਂ, ਵਾਹਵਾ ਲੜਿਆਂ ਤੇਰੇ ਨਾਲ।
ਉਸ ਤੋਂ ਮਗਰੋਂ,ਕੀ ਦੱਸਾਂ ਮੈਂ, ਕੀ ਕੁਝ ਹੋਇਆ ਮੇਰੇ ਨਾਲ।

ਸਿਰ ਸੂਹੀ ਫੁਲਕਾਰੀ ਲੈ ਕੇ, ਲੱਗਿਆ ਤੂੰ ਹੈਂ ਕੋਲ ਖੜੀ,
ਭਰਮ ਛਲਾਵਾ ਕਿਉਂ ਇੰਜ ਕੀਤਾ, ਭੋਲ਼ੇ ਮਨ ਤੂੰ ਮੇਰੇ ਨਾਲ।

ਜੀਅ ਕਰਦਾ ਏ,ਕੋਲ ਬਹਾ ਕੇ, ਅਪਣੇ ਮੂੰਹੋਂ ਆਖ ਦਿਆਂ,
ਸ਼ਬਦ ਹਾਰਦੇ ਜਿੱਥੇ ਜਾ ਕੇ,ਉਹ ਰਿਸ਼ਤਾ ਹੈ ਤੇਰੇ ਨਾਲ।

ਜੀ ਕਰਦੈ ਮੈਂ ਕਹਾਂ ਚਾਂਦਨੀ,ਫਿਰ ਸੋਚਾਂ ਪ੍ਰਭਾਤ ਕਹਾਂ,
ਤੇਰਾ ਚਿਹਰਾ ਕਿੰਨਾ ਮਿਲਦਾ ਸੱਜਰੇ ਸੋਨ ਸਵੇਰੇ ਨਾਲ।

ਉਹ ਕਹਿੰਦੇ ਨੇ ਤਨ ਦੀ ਭਟਕਣ, ਮੈਂ ਕਹਿੰਦਾਂ ਹਾਂ ਮਹਿਕ ਫਿਰੇ,
ਕਿੰਨੀ ਵਾਰੀ ਬਹਿਸ ਪਿਆਂ ਮੈਂ,ਆਪਣੇ ਚਾਰ ਚੁਫ਼ੇਰੇ ਨਾਲ।

ਮੈਂ ਤੇਰੀ ਲਿਸ਼ਕੋਰ ਸਹਾਰੇ, ਸੂਰਜ ਬਣ ਕੇ ਭਿੜਦਾ ਹਾਂ,
ਇੱਟ ਖੜਿੱਕਾ ਚੱਲਦਾ ਰਹਿੰਦੈ, ਮੇਰਾ ਗੂੜ੍ਹ ਹਨ੍ਹੇਰੇ ਨਾਲ।

ਅਸਲੀ ਗੱਲ ਹੈ ਰੂਹ ਤ੍ਰਿਹਾਈ,ਰਹਿਮਤ ਵਾਂਗੂੰ ਬਰਸ ਕਦੇ,
ਭਰਨ ਕਿਆਰੇ ਦੱਸ ਤੂੰ ਕਿੱਸਰਾਂ ਖ਼ਾਲੀ ਟਿੰਡਾਂ ਫੇਰੇ ਨਾਲ।

110