ਇਹ ਸਫ਼ਾ ਪ੍ਰਮਾਣਿਤ ਹੈ
ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ।
ਪਹਿਲੀ ਹੀ ਕਤਾਰ ਮੱਲ ਬਹਿੰਦੀਆਂ ਵਜ਼ੀਰੀਆਂ।
ਵੇਖ ਲਉ ਘੁੰਮਾਈ ਜਾਵੇ, ਅਕਲਾਂ ਦੇ ਗੇੜ ਨੂੰ,
ਕਈ ਵਾਰੀ ਜਾਪਦਾ ਹੈ, ਬਣ ਗਏ ਭੰਬੀਰੀਆਂ।
ਧਰਮਾਂ ਦੀ ਮੰਡੀ ਵੀ ਨੀਲਾਮ ਘਰ ਬਣ ਗਈ,
ਵੇਚਦਾ ਬਾਜ਼ਾਰ ਹੁਣ ਗਧਿਆਂ ਨੂੰ ਪੀਰੀਆਂ।
ਜਿੱਥੇ ਕਿਤੇ ਬਾਗ ਵਿੱਚ ਲਾਲ ਸੂਹੇ ਫੁੱਲ ਨੇ,
ਆ ਗਿਆ ਆਦੇਸ਼ ਬੀਜੋ ਕੇਸਰੀ ਪਨੀਰੀਆਂ।
ਸਾਡੀਆਂ ਵੀ ਰੀਝਾਂ ਨੂੰ ਹੈ ਜਿਨ੍ਹਾਂ ਨੇ ਮਧੋਲਿਆ,
ਓਹੀ ਹੁਣ ਕਹਿਣ ਛੱਡੋ ਦਿਲ ਦਿਲਗੀਰੀਆਂ।
ਅੰਬਰਾਂ 'ਤੇ ਗੁੱਡੀਆਂ ਚੜ੍ਹਾਉਣ ਵਾਲੀ ਰੀਝ ਨੇ,
ਸੂਤੀ ਹੋਈ ਡੋਰ ਨਾਲ, ਉਂਗਲਾਂ ਨੇ ਚੀਰੀਆਂ।
ਰੱਖ ਨਾ ਉਮੀਦ ਐਵੇਂ, ਭੋਲੇ ਦਿਲਾ ਪਾਤਸ਼ਾਹ,
ਨੀਤ ਬਦਕਾਰ ਤੇਰੀ, ਨੀਤੀਆਂ ਵੀ ਟੀਰੀਆਂ।
145