ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਕੋਠੇ ਤੇ ਮੰਜੀਆਂ ਡਾਹ ਕੇ, ਤਾਰਿਆਂ ਦੇ ਸੰਗ ਗੱਲਾਂ ਕਰੀਏ।
ਚੁੱਪ ਨਾ ਬਹੀਏ, ਕੁਝ ਤਾਂ ਕਹੀਏ, ਮਨ ਦੇ ਸੱਖਣੇ ਕੋਨੇ ਭਰੀਏ।

ਤਾਰੇ ਖਿੱਤੀਆਂ ਝੁਰਮਟ ਦਾ ਨਾਂ, ਰੱਖਿਆ ਆਪਾਂ, ਛੜਿਆਂ ਦਾ ਰਾਹ,
ਤੈਨੂੰ ਤਾਂ ਇਹ ਯਾਦ ਨਹੀਂ ਹੋਣਾ, ਬਾਲ ਵਰੇਸ ਵਿਆਹੀਏ ਵਰੀਏ।

ਰਾਤੀਂ ਸੁੱਤਿਆਂ ਬੱਦਲ ਬਣਦਾ, ਛੱਜੀਂ ਖਾਰੀਂ ਰੂਹ ਤੇ ਵਰ੍ਹਦਾ,
ਉਸ ਪਲ ਜਾਗੋਮੀਟੀ ਅੰਦਰ, ਸੁੱਝਦਾ ਹੀ ਨਾ, ਹੁਣ ਕੀ ਕਰੀਏ?

ਅੱਸੂ ਕੱਤਕ ਨੀਮ ਗੁਲਾਬੀ, ਮੌਸਮ ਅੰਦਰ ਰੂਹ ਦੇ ਹਾਣੀ,
ਤੜਪਣ ਦੀਦ ਤੇਰੀ ਨੂੰ ਤਰਸਣ, ਨੀ ਖ੍ਵਾਬਾਂ ਦੀ ਅੱਲ੍ਹੜ ਪਰੀਏ।

ਨਿੱਕੇ ਹੁੰਦਿਆਂ ਵਿੱਛੜ ਗਏ ਸੀ, ਜਿਹੜੇ ਮੈਥੋਂ ਰੀਝਾਂ ਸੁਪਨੇ,
ਚੱਲ ਨੀ ਜਿੰਦੇ ਢੂੰਡ ਲਿਆਈਏ, ਹੁਣ ਨਾ ਹੋਰ ਵਿਛੋੜਾ ਜਰੀਏ।

ਭੇਤ ਤੁਹਾਥੋਂ ਕਿਹੜਾ ਗੁੱਝਾ, ਕਿੰਨੇ ਹੰਝ ਸਿਰ੍ਹਾਣੇ ਪੀਤੇ,
ਕਿੱਸੇ ਖੋਲ੍ਹ ਸੁਣਾਉ ਹੁਣ ਤਾਂ, ਉਤਲੇ ਖੇਸ, ਹੇਠਲੀ ਦਰੀਏ।

ਬਿਸਤਰ ਪਏ ਤਰੇਲ ਦੇ ਤੁਪਕੇ, ਜੰਮ ਕੇ ਕਾਲ਼ੀ ਚਿਤਰੀ ਹੋਏ,
ਰੂਪ ਕਿਵੇਂ ਹੈ ਬਦਰੰਗ ਹੋਇਆ, ਇਸ ਨੂੰ ਕਿਸ ਪੇਟੀ ਵਿੱਚ ਧਰੀਏ।

20