ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਤਰਾ ਕਤਰਾ ਤੁਪਕਾ ਤੁਪਕਾ, ਦਿਲ ਜੇ ਦਰਦ ਸਮੁੰਦਰ ਭਰਿਆ।
ਅਗਨੀ ਦਾ ਇਹ ਸਾਗਰ ਦੱਸੋ, ਹਿੰਮਤ ਬਾਝੋਂ ਕਿਸ ਨੇ ਤੁਰਿਆ।

ਬੇਹਿੰਮਤੇ ਨੂੰ ਮਾਂ ਧਰਤੀ ਵੀ, ਚੋਗ ਚੁਗਾਉਣੋਂ ਟਲ਼ ਜਾਂਦੀ ਹੈ,
ਜਿਉਂ ਪਰ ਹੀਣ ਪਰਿੰਦਾ, ਕੋਈ ਬਿਨਾਂ ਉਡਾਰੀ ਫਿਰਦਾ ਮਰਿਆ।

ਕੱਚੀਆਂ ਪਿੱਲੀਆਂ ਇੱਟਾਂ ਦਾ ਮੈਂ, ਗਾਹਕ ਨਹੀਂ ਜੀ, ਸੁਣ ਲਓ ਸਾਰੇ,
ਨਾਨਕ ਸ਼ਾਹੀ ਪੱਕੀਆਂ ਇੱਟਾਂ, ਸਿਦਕ ਸਲਾਮਤ ਮੇਰਾ ਕਰਿਆ।

ਧਰਤੀ ਮਾਤਾ, ਬਾਬਲ ਅੰਬਰ, ਖੇਡ ਖਿਡਾਵੀ ਸਗਲ ਸ੍ਰਿਸ਼ਟੀ,
ਤਾਂਹੀਓ' ਰੂਹ ਦਾ ਚੰਬਾ ਖਿੜਿਆ, ਨਾਲੇ ਮਨ ਦਾ ਵਿਹੜਾ ਭਰਿਆ।

ਤੇਰੀ ਨਜ਼ਰ ਸਵੱਲੀ ਮਗਰੋਂ, ਰੂਪ ਮੇਰਾ ਨਵਿਆਇਆ ਏਦਾਂ,
ਸੁੱਕੇ ਬਿਰਖ਼ ਫੁਟਾਰਾ ਜੀਕੂੰ, ਜੰਗਲ ਦਾ ਹਰ ਬੂਟਾ ਹਰਿਆ।

ਵਕਤ ਦੇ ਅੱਥਰੇ ਘੋੜੇ ਉੱਪਰ, ਮਾਰ ਪਲਾਕੀ ਚੜ੍ਹਿਆ ਹਾਂ ਮੈਂ,
ਤੇਰੇ ਦਮ ਤੇ ਉੱਡਿਆ ਫਿਰਦਾਂ, ਪਹਿਲਾਂ ਸਾਂ ਮੈਂ ਡਰਿਆ ਡਰਿਆ।

ਕੌਣ ਕਿਸੇ ਦੀ ਖ਼ਾਤਰ ਮਰਦੈ, ਸੂਰਮਿਆਂ, ਜਾਂਬਾਜ਼ਾਂ ਤੋਂ ਬਿਨ,
ਸੀਸ ਤਲੀ ਤੇ,ਪੈਰ ਧਾਰ ਤੇ, ਨਿਸ਼ਚੇ ਬਾਥੋਂ ਕਿਸ ਨੇ ਧਰਿਆ।

29