ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਸਤਰੰਗੀ ਪੀਂਘ ਚੜ੍ਹਾਈ, ਅੰਬਰ ਤੀਕ ਹੁਲਾਰੇ ਮਿਲ ਗਏ।
ਰਾਤ ਦੀ ਬੁੱਕਲ ਵਿੱਚੋਂ ਤਾਂਹੀਂਓਂ, ਕੁਝ ਜੁਗਨੂੰ ਕੁਝ ਤਾਰੇ ਮਿਲ ਗਏ।

ਭਟਕਣ ਦਾ ਵੀ ਰੂਪ ਬਦਲਿਆ, ਖ਼ੁਸ਼ਬੂ ਦਾ ਜਦ ਸਾਥ ਮਿਲ ਗਿਆ,
ਤੂੰ ਮੈਂ ਮਨ ਦੀ ਧਰਤ ਫ਼ਰੋਲੀ, ਵਿੱਚੋਂ ਯਾਰ ਪਿਆਰੇ ਮਿਲ ਗਏ।

ਹਾਉਕੇ ਹਾਵੇ ਤੇ ਉਦਰੇਵੇਂ, ਗੁੰਮ ਗੁਆਚ ਗਏ ਸਨ ਸਾਰੇ,
ਤੇਰੀ ਤਲਬ ਬਣੀ ਸਿਰਨਾਵਾਂ, ਉਹ ਸਾਰੇ ਦੇ ਸਾਰੇ ਮਿਲ ਗਏ।

ਦਿਲ ਦਾ ਸੌਦਾ ਨਕਦ ਮੁ ਨਕਦੀ ਸੁਣਿਆ ਤਾਂ ਸੀ, ਕੀਤਾ ਨਾ ਸੀ,
ਬੇਸਮਝੀ ਵਿੱਚ ਕਰ ਬੈਠੇ ਤਾਂ ਕਿੰਨੇ ਦਰਦ ਉਧਾਰੇ ਮਿਲ ਗਏ।

ਗ਼ਮ ਦੇ ਬੱਦਲ ਉੱਡਦੇ ਫਿਰਦੇ, ਖ਼ਬਰ ਨਹੀਂ ਸੀ ਕਿੱਥੇ ਵੱਸਦੇ,
ਰੂਹ ਤੇ ਕਿਣਮਿਣ ਐਸੀ ਬਰਸੀ, ਸਰਬ ਸਮੁੰਦਰ ਖ਼ਾਰੇ ਮਿਲ ਗਏ।

ਦਿਨ ਮੁੱਕਿਆ, ਪਛਤਾਵਾ ਸੀ ਕਿ, ਸੂਰਜ ਚੱਲਿਐ, 'ਨ੍ਹੇਰ ਪਸਰਿਆ,
ਕਾਲ਼ੀ ਚਾਦਰ ਜਦੋਂ ਫ਼ਰੋਲੀ, ਵਿਚੋਂ ਚੰਨ ਸਿਤਾਰੇ ਮਿਲ ਗਏ।

ਬੁੱਲ ਫ਼ਰਕਦੇ ਵੇਖੇ ਤੇਰੇ, ਕਹਿਣਾ ਕੀ ਸੀ ਜਾਣ ਲਿਆ ਹੈ,
ਦਿਲ ਮੇਰੇ ਨੇ ਭਰੀ ਗਵਾਹੀ, ਜਦ ਨਿਰਸ਼ਬਦ ਹੁੰਗਾਰੇ ਮਿਲ ਗਏ।

34