ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਜਾਏ ਵੀ ਆਪਣੀ ਥਾਂ ਨੇ, ਰਿਸ਼ਤਾ ਤਾਂ ਵਿਸ਼ਵਾਸ ਦਾ ਨਾਂ ਹੈ।
ਜੋ ਕੁਝ ਆਖ ਬੁਲਾਈਏ ਤੂੰ ਮੈਂ, ਇਹ ਤਾਂ, ਸਿਰਫ਼ ਲਿਬਾਸ ਦਾ ਨਾਂ ਹੈ।

ਸੱਤ ਸਮੁੰਦਰ ਕਿੰਨੀਆਂ ਝੀਲਾਂ, ਤਰੀਆਂ ਤੇਰੇ ਨੈਣਾਂ ਅੰਦਰ,
ਧਰਤ ਆਕਾਸ਼ ਮਿਲੂ ਇੱਕ ਦਿਨ ਤਾਂ, ਇਹ ਹੀ ਮੇਰੀ ਆਸ ਦਾ ਨਾਂ ਹੈ।

ਚੰਨ ਦਾ ਟੁਕੜਾ ਕੈਦ ਚ ਘਿਰਿਆ ਕਾਲੀ ਰਾਤ ਚੁਫ਼ੇਰੇ ਪਸਰੀ,
ਪੂਰਨਮਾਸ਼ੀ ਦਾ ਚੰਨ ਪੂਰਾ, ਮੇਰੇ ਲਈ ਧਰਵਾਸ ਦਾ ਨਾਂ ਹੈ।

ਇੱਕੋ ਹਾਉਕਾ ਭਰਿਆ ਸੀ ਤੂੰ, ਤੱਕਿਆ ਨਹੀਂ, ਮਹਿਸੂਸ ਕਰ ਲਿਆ,
ਬਿਨ ਮਿਲਿਆਂ, ਬਿਨ ਬੋਲਣ ਤੋਂ ਹੀ, ਕੀਤੇ ਬਚਨ ਬਿਲਾਸ ਦਾ ਨਾਂ ਹੈ।

ਆਸ ਕਦੇ ਵੀ ਮਰਦੀ ਨਹੀਂਉਂ, ਬੂਰ ਜਿਉਂ ਚੰਦਨ ਦੇ ਰੁੱਖ ਦਾ,
ਕੁਝ ਲੋਕਾਂ ਲਈ ਦਿਲ ਦੀ ਧੜਕਣ ਜੀਣਾ ਸਿਰਫ਼ ਸਵਾਸ ਦਾ ਨਾਂ ਹੈ।

ਹੁਣੇ ਮੈਂ ਤੈਥੋਂ ਦੂਰ ਗਿਆ ਸਾਂ, ਅੱਖ ਪਲਕਾਰੇ ਮੁੜ ਆਇਆ ਹਾਂ,
ਕਰਾਮਾਤ ਨਾ ਦੈਵੀ ਸ਼ਕਤੀ, ਇਹ ਮੇਰੇ ਅਭਿਆਸ ਦਾ ਨਾਂ ਹੈ।

ਤੇਰੀ ਰੂਹ ਦੇ ਅੰਦਰ ਛਪਿਆ, ਪੜ੍ਹਿਆ ਹੈ ਮੈਂ ਅੱਖਰ ਅੱਖਰ,
ਨਿਹੁੰ ਮਾਰੇ ਨੈਣਾਂ ਨੇ ਲਿਖਿਆ, ਮੁੜ ਮੁੜ ਕਿਸੇ ਉਦਾਸ ਦਾ ਨਾਂ ਹੈ।

ਸੂਰਜ ਦੀ ਲਾਲੀ ਵਿੱਚ ਘੁਲ਼ਿਆ ਸੁਰਖ਼ ਸੰਧੂਰੀ ਚਿਹਰਾ ਤੇਰਾ,
ਮੇਰੇ ਲਈ ਤਾਂ ਸੂਰਜ ਤਾਂਹੀਓਂ ਬਿਲਕੁਲ ਖਾਸਮ ਖ਼ਾਸ ਦਾ ਨਾਂ ਹੈ।

ਅੰਬਰੀਂ ਆਹ ਸਤਰੰਗੀ ਜਿਹੜੀ, ਜਿਸ ਨੂੰ ਪੀਂਘ ਲਿਖਾਰੀ ਕਹਿੰਦੇ,
ਅੰਬਰ ਦੇ ਵਰਕੇ ਤੇ ਲਿਖਿਆ ਰੱਬ ਨੇ ਤੇਰੇ ਦਾਸ ਦਾ ਨਾਂ ਹੈ।

36