ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਸ਼ ਦੇ ਨਾਲੋਂ ਮਸਤੀ ਚੰਗੀ, ਪਰ ਨਹੀਂ ਚੰਗੀ ਬੇਪਰਵਾਹੀ।
ਸਾਵਧਾਨ ਹੋ! ਖ਼ੂਨ 'ਚ ਤੇਰੇ ਚ ਨਾ ਜਾਵੇ ਕੂੜ ਸਿਆਹੀ।

ਤੁਰ ਪਓ, ਤੁਰ ਪਓ, ਸੁਸਤੀ ਮਾਰਿਆ, ਬੈਠਾ ਪਿੱਛੇ ਰਹਿ ਜਾਵੇਂਗਾ,
ਵਕਤ ਕਦੇ ਵੀ ਖ਼ੁਦ ਨਹੀਂ ਦੱਸਦਾ ਕਿਸ ਮੰਜ਼ਿਲ ਵੱਲ ਜਾਵੇ ਰਾਹੀ।

ਸਾਲ ਬਦਲਿਆ, ਸਿਰਫ਼ ਕਲੰਡਰ, ਪਰ ਨਾ ਬਦਲੇ ਰੱਸੇ ਪੈੜੇ,
ਬਿਨ ਮਕਸਦ ਤੋਂ ਭੱਜਦੀ ਖ਼ਲਕਤ, ਓਵੇਂ ਫਿਰਦੀ ਸਾਹੋ ਸਾਹੀ।

ਟਾਂਗੇ ਵਾਲੇ ਘੋੜੇ ਵਾਂਗੂੰ ਆਲ ਦੁਆਲੇ ਕੱਖ ਨਾ ਵੇਖੇ,
ਆਪਣੀ ਟਾਪ ਨੂੰ ਆਪੇ ਸੁਣਦਾ, ਭੱਜਿਆ ਫਿਰਦਾ ਵਾਹੋ ਦਾਹੀ।

ਦੁਨੀਆਂ ਭਰ ਦੇ ਚਤੁਰ ਚਲਾਕੋ, ਬੰਦ ਕਰੋ ਹੁਣ ਇਹ ਅੱਥਰੂਬਾਜ਼ੀ,
ਸਰਹੱਦਾਂ ਦੇ ਰਾਖੇ ਸਾਡੇ, ਪੁੱਤਰ ਕੀਤੇ ਕਾਨੇ ਕਾਹੀ।

ਘੋੜ ਸਵਾਰ ਹਕੂਮਤ ਕਰਦੇ, ਵਾਰੋ ਵਾਰੀ ਵਕਤ ਸਵਾਰੀ,
ਓਹੀ ਰੰਬੀ ਓਹੀ ਪੱਲੀ, ਘਾਹੀਆਂ ਦੇ ਪੁੱਤ ਅੱਜ ਵੀ ਘਾਹੀ।

ਵਾਰਿਸ ਮੀਆਂ ਹੀਰ ਵਿਚਾਰੀ ਕਿਸ ਅੱਗੇ ਫਰਿਆਦ ਕਰੇ ਹੁਣ,
ਕੈਦੋ ਨਾਲ ਰਲ਼ ਗਿਆ ਹੁਣ ਤਾਂ, ਕੁਰਸੀ ਬਦਲੇ ਰਾਂਝਣ ਮਾਹੀ।

37