ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰ ਚੱਲੇ ਹਾਂ ਦਮ ਦਮ ਕਰਕੇ ਰਿਸ਼ਤਿਆਂ ਦੀ ਪਰਿਕਰਮਾ ਕਰਦੇ।
ਕੱਚ ਦਾ ਭਾਂਡਾ ਟੁੱਟ ਨਾ ਜਾਵੇ, ਹੱਥ ਪਾਉਂਦੇ ਹਾਂ ਡਰਦੇ ਡਰਦੇ।

ਨਾ ਸੁਣਦੇ, ਨਾ ਸਮਝ ਰਹੇ ਹਾਂ, ਸੋਚਣ ਵਾਲੇ ਬੂਹੇ ਬੰਦ ਨੇ,
ਤਨ ਨੇੜੇ ਮਨ ਦੂਰ ਦੂਰ ਨੇ, ਸ਼ੀਸ਼ ਮਹਿਲ ਘਰ ਗੂੜ੍ਹੇ ਪਰਦੇ।

ਪੱਥਰ ਦੇ ਭਗਵਾਨ ਦੀ ਸੰਗਤ, ਕਰਦਿਆਂ ਉਮਰ ਗੁਜ਼ਾਰ ਲਈ ਹੈ,
ਇਹਦੇ ਵਰਗੇ ਜਿਗਰੇ ਹੋ ਗਏ, ਪੂਜਾ ਇਸਦੀ ਕਰਦੇ ਕਰਦੇ।

ਗਰਜ਼ਾਂ ਦੇ ਜੰਗਲ ਵਿੱਚ ਫਿਰਦੇ ਦਿਨ ਢਲਿਆ ਤੇ ਰਾਤ ਪਈ ਹੈ,
ਆਪੇ ਹੀ ਦੱਸ ਕਿਹੜੇ ਵੇਲੇ ਫ਼ਰਜ਼ਾਂ ਦੀ ਰਖਵਾਲੀ ਕਰਦੇ।

ਮੰਜੀ ਥੱਲੇ ਜੰਮਿਆਂ ਨੂੰ ਦੱਸ, ਚੰਨ ਤੇ ਸੂਰਜ ਦਿਸਦੇ ਕਿੱਥੇ,
ਉਮਰ ਵਿਹਾਉਂਦੇ ਸਹਿਕਦਿਆਂ ਹੀ, ਖਿੜੇ ਦੁਪਹਿਰੇ ਜੋ ਨਹੀਂ ਜਰਦੇ।

ਤੋੜ ਦਿਆ ਕਰ ਦਰ ਦੀਵਾਰਾਂ ਅਕਲ ਕੋਟ ਦੇ ਵਾਸੀ ਸੱਜਣਾ,
ਚੌਗਿਰਦੇ ਦੇ ਕੈਦੀ ਜਿਹੜੇ, ਨਾ ਹੀ ਜਿਊਂਦੇ ਨਾ ਹੀ ਮਰਦੇ।

ਜਿਸ ਦਿਨ ਆਪਾਂ ਜਨਮ ਲਿਆ ਸੀ, ਜੇ ਨਾ ਜ਼ਿੰਦਗੀ ਉਸ ਤੋਂ ਸੋਹਣੀ,
ਖ਼ੁਦ ਆਪਣੇ ਤੋਂ ਪੁੱਛਣਾ ਬਣਦੈ, ਕੀ ਹਾਂ ਆਪਾਂ ਰਹਿੰਦੇ ਕਰਦੇ।

45