ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿ ਦਿੰਦਾਂ, ਪਰ ਵਰਤਾਂ ਨਾ ਮੈਂ, ਸ਼ਬਦ ਕਦੇ ਹਥਿਆਰ ਦੇ ਵਾਂਗ।
ਤਾਂਹੀਉਂ ਹੀ ਇਹ ਦਿਸਦੇ ਨਹੀਂਉਂ ਸਿਰ ਬੱਧੀ ਦਸਤਾਰ ਦੇ ਵਾਂਗ।

ਜ਼ਿੰਦਗੀ ਦੀ ਰਣਭੂਮੀ 'ਚੋਂ ਮੈਂ, ਖਿਸਕ ਪਿਛਾਂਹ ਨੂੰ ਮੁੜਦਾ ਹਾਂ,
ਸ਼ਰਮ ਕਰਾਂ ਨਾ ਤੁਰਦਾਂ ਜਦ ਮੈਂ, ਫਿਰ ਯੋਧੇ ਬਲਕਾਰ ਦੇ ਵਾਂਗ।

ਧਰਮ ਧਰਾਤਲ ਛੱਡ ਕੇ ਤੁਰਦੇ, ਸੰਗਮਰਮਰੀ ਫ਼ਰਸ਼ਾਂ ਉੱਤੇ,
ਬੋਲਣ ਬੋਲ ਕੁਬੋਲ ਚੌਧਰੀ, ਜੀਭਾਂ ਤੇਜ਼ ਕਟਾਰ ਦੇ ਵਾਂਗ।

ਨੀਤੀਵਾਨ ਬਦਲ ਕੇ ਨੀਤੀ, ਬਦਨੀਤੀ ਤੇ ਆ ਗਏ ਨੇ,
ਧੜਾ ਪਿਆਰਾ ਧਰਮ ਦੇ ਨਾਲੋਂ, ਕਲਯੁਗ ਦੇ ਅਵਤਾਰ ਦੇ ਵਾਂਗ।

ਹਰਫ਼ ਟਿਕਾਊ, ਬਣੇ ਵਿਕਊ, ਪੈਰੀਂ ਝਾਂਜਰ ਪਾ ਬੈਠੇ,
ਰਾਗ ਸਦਾ ਦਰਬਾਰੀ ਗਾਉਂਦੇ, ਚੋਗਾ ਚੁਗਦੀ ਡਾਰ ਦੇ ਵਾਂਗ।

ਧੂੰਆਂਧਾਰ ਮਾਹੌਲ ਵਿਸ਼ੈਲਾ, ਦਮ ਘੁਟਦਾ, ਸਾਹ ਫੁੱਲਦਾ ਹੈ,
ਮੁੱਖ ਸਫ਼ਿਆਂ ਤੇ ਜ਼ਹਿਰੀ ਖ਼ਬਰਾਂ, ਰੋਜ਼ਾਨਾ ਅਖ਼ਬਾਰ ਦੇ ਵਾਂਗ।

ਜਦ ਵੀ ਸਫ਼ਰ ਕਰਾਂ ਮੈਂ ਸੋਚਾਂ, ਸੋਚ ਸੋਚ ਕੇ ਬਹਿ ਜਾਵਾਂ,
ਕਿੱਥੇ ਕਦਮ ਟਿਕਾਵਾਂ, ਸਭ ਰਾਹ, ਤੇਜ਼ ਧਾਰ ਤਲਵਾਰ ਦੇ ਵਾਂਗ।

60