ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢਾ ਦਰਿਆ ਲੁਧਿਆਣਾ ਦੀ ਹੋਣੀ ਨੂੰ ਸਮਰਪਿਤ

ਮੈਂ ਵੀ ਨਿਰਮਲ ਨੀਰ ਕਦੇ ਸੀ ਸਤਿਲੁਜ ਦਾ ਸਾਂ ਵਹਿਣ ਦੋਸਤੋ।
ਹੁਣ ਤਾਂ ਮੈਨੂੰ ਬੁੱਢੇ ਤਾਈਂ ਗੰਦਾ ਨਾਲਾ ਕਹਿਣ ਦੋਸਤੋ।

ਕਿਓਂ ਸ਼ਾਹਾਂ ਨੂੰ ਸਮਝ ਪਵੇ ਨਾ, ਜਲ ਵੀ ਇੱਕ ਦੇਵਤਾ ਹੁੰਦੈ,
ਕਰਨ ਪਲੀਤ ਪਵਿੱਤਰ ਪਾਣੀ, ਪੱਕਾ ਬਣੇ ਗ੍ਰਹਿਣ ਦੋਸਤੋ।

ਫ਼ਿਕਰ ਕਰਨ, ਨਹੀਂ ਹਿੰਮਤ ਕਰਦੇ, ਪੜ੍ਹੇ ਲਿਖੇ ਸਭ ਗੂੜ੍ਹ ਗਿਆਨੀ,
ਮਰ ਚੱਲੇ ਨੇ ਸੋਚਦਿਆਂ ਇਹ, ਰਲ ਕੇ ਨਾ ਇਹ ਬਹਿਣ ਦੋਸਤੋ।

ਇੱਕ ਪਾਸੇ ਸਰਮਾਇਆ ਜ਼ਾਲਮ, ਜ਼ਹਿਰ ਪਿਆਏ ਨਾ ਪਛਤਾਏ,
ਭੋਲ਼ੇ ਪੰਛੀ ਏਸ ਕਹਿਰ ਨੂੰ, ਭਾਣਾ ਮੰਨ ਕੇ ਸਹਿਣ ਦੋਸਤੋ।

ਵੰਨ ਸੁਵੰਨ ਰਸਾਇਣਾਂ ਘੋਲਣ, ਮੇਰੇ ਪਾਣੀ ਅੰਦਰ ਜਿਹੜੇ,
ਦਾਨਵੀਰ ਬਣ ਕਰਨ ਵਿਖਾਵਾ, ਮਗਰੋਂ ਨਾ ਇਹ ਲਹਿਣ ਦੋਸਤੋ।

ਬੰਦ ਸ਼ੀਸ਼ਿਆਂ ਵਾਲੀਆਂ ਕਾਰਾਂ, ਜਾਣੇ ਨਾ ਬੇਕਿਰਕ ਜ਼ਮਾਨਾ,
ਬਦਬੂਦਾਰ ਹਵਾੜ੍ਹ 'ਚ ਜੀਣਾ ਡਾਢਾ ਔਖਾ ਰਹਿਣ ਦੋਸਤੋ।

ਮੇਰੇ ਵਿੱਚ ਵਿਸ਼ੈਲਾ ਪਾਣੀ, ਜਿੱਥੋਂ ਲੰਘਦਾ ਵੰਡਦਾ ਕੈਂਸਰ,
ਪਹਿਰੇਦਾਰ ਬਣੋ ਤੇ ਜਾਗੋ, ਕਾਲੇ ਟਿੱਕੇ ਢਹਿਣ ਦੋਸਤੋ।

78