ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਣਭੂਮੀ ਨੇ ਰੂਪ ਬਦਲਿਆ, ਇੰਟਰਨੈੱਟ ਮੈਦਾਨ ਬਣ ਗਿਆ।
ਸੱਚ ਪੁੱਛੋ ਤਾਂ ਨੇਤਾ ਬਣ ਕੇ, ਬੁਰਾ ਬੋਲਣਾ ਸ਼ਾਨ ਬਣ ਗਿਆ।

ਪੱਗ ਪੋਚਵੀਂ ਸੋਹਣੀ ਸੂਰਤ, ਢਿੱਡ ਅੰਦਰ ਪੈਟਰੋਲ ਟੈਂਕੀਆਂ,
ਅਗਨਬਾਣ ਹੀ ਛੱਡੀ ਜਾਵਣ, ਜੋ ਜਿੱਥੇ ਪਰਧਾਨ ਬਣ ਗਿਆ।

ਖ਼ੁਦ ਨੂੰ ਆਖੇ ਜਨਤਾ ਸੇਵਕ, ਕਹਿ ਕੇ ਸੇਵਾ ਛਕਦੈ ਮੇਵਾ,
ਕਹਿਣੀ ਤੇ ਕਥਨੀ ਵਿੱਚ ਪਾੜਾ, ਕੈਸਾ ਹੈ ਈਮਾਨ ਬਣ ਗਿਆ।

ਹਰ ਘੋੜੇ ਦੇ ਮਗਰ ਵਛੇਰਾ, ਕੁਰਸੀ ਦਾ ਹੱਕਦਾਰ ਕਹਾਵੇ,
ਕਮਲਾ ਰਮਲਾ ਜੋ ਕੁਝ ਬੋਲੇ, ਓਹੀ ਸਭ ਫੁਰਮਾਨ ਬਣ ਗਿਆ।

ਕਾਠ ਦੀਆਂ ਲੱਤਾਂ ਨੂੰ ਬੌਣੇ, ਸਮਝ ਰਹੇ ਨੇ ਆਪਣੀ ਹਸਤੀ,
ਕਰਨ ਮੁਨਾਦੀ ਘੱਲੀਏ ਜਿਸਨੂੰ, ਸਮਝੇ ਬੜਾ ਮਹਾਨ ਬਣ ਗਿਆ।

ਘਰ ਦੀ ਮੰਜੀ ਛੱਡ ਕੇ ਜੋ ਵੀ, ਕੁਰਸੀ ਖ਼ਾਤਰ ਭਟਕ ਰਿਹਾ ਸੀ,
ਦਿਨ ਚੜ੍ਹਿਆ ਤਾਂ ਸੁਪਨਾ ਟੁੱਟਾ, ਬੂਹੇ ਤੇ ਦਰਬਾਨ ਬਣ ਗਿਆ।

ਕੂਕ ਕਿਹਾ ਸ਼ਬਦਾਂ ਨੇ ਮੈਨੂੰ, ਜੋ ਕੁਝ ਵੇਖੇਂ ਕਿਉਂ ਨਹੀਂ ਲਿਖਦਾ,
ਜੋ ਕੁਝ ਤੱਕਿਆ ਲਿਖਿਆ ਓਹੀ, ਏਹੀ ਗ਼ਜ਼ਲ ਦੀਵਾਨ ਬਣ ਗਿਆ।

79