ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੰਨ੍ਹਾਂ ਦੇ ਹੱਥ ਕੁੰਜੀਆਂ ਨੇ ਉਹ ਲਾਗੇ ਬਹਿਣ ਨਹੀਂ ਦੇਂਦੇ।
ਸਾਡੇ ਦਿਲ ਕੀ ਟੁੱਟਦਾ ਭੁਰਦਾ ਕੁਝ ਵੀ ਕਹਿਣ ਨਹੀਂ ਦੇਂਦੇ।

ਵਲੀ ਕੰਧਾਰੀਆਂ ਰੂਪ ਬਦਲਿਆ, ਪਰ ਨਾ ਬਦਲੀ ਹੈ ਆਦਤ,
ਦਿਲ ਦਰਿਆ ਨੂੰ ਇਸ ਧਰਤੀ ਤੇ ਖੁੱਲ੍ਹ ਕੇ ਵਹਿਣ ਨਹੀਂ ਦੇਂਦੇ।

ਕੀ ਦੱਸਾਂ ਇਸ ਮਨ ਦੀ ਹਾਲਤ, ਅੰਦਰੋਂ ਬਾਹਰੋਂ ਹੈ ਜ਼ਖ਼ਮੀ,
ਬਣਦੇ ਜੋ ਹਮਦਰਦ ਉਹ ਪੱਲੇ ਕੱਖ ਵੀ ਰਹਿਣ ਨਹੀਂ ਦੇਂਦੇ।

ਮਾਣ ਮਰਤਬੇ ਮਾਨਣ ਏਥੇ ਗਿਰਗਿਟ ਵਰਗੇ ਚਿਹਰੇ ਵੀ,
ਮਾਲਕ ਨੂੰ ਉਹ ਭਰਮ ਪਹਾੜੋਂ, ਹੇਠਾਂ ਲਹਿਣ ਨਹੀਂ ਦੇਂਦੇ।

ਵੇਖ ਲਵੋ ਕਲਜੁਗ ਦਾ ਪਹਿਰਾ, ਮੂੰਹ ਸਿਰ ਕਾਲਿਆਂ ਵਾਲੇ ਦਾ,
ਜਿਸਦੇ ਹੱਥ ਵਿੱਚ ਸ਼ੀਸ਼ਾ ਹੋਵੇ, ਨੇੜੇ ਖਹਿਣ ਨਹੀਂ ਦੇਂਦੇ।

ਚਾਰ ਦੀਵਾਰੀ ਅੰਦਰ ਚੋਗਾ, ਰੱਜ ਰੱਜ ਖਾਂਦੇ ਨੇ ਪੰਛੀ,
ਬਿਨ ਪਰਵਾਜ਼ ਮਰਨ ਦਾ ਸਾਨੂੰ, ਦਰਦ ਵੀ ਸਹਿਣ ਨਹੀਂ ਦੇਂਦੇ।

ਕੁੜਤੇ ਨਾਲ ਪਜਾਮਾ ਸਾਡਾ ਸਭਨਾਂ ਨੂੰ ਹੀ ਚੁਭਦਾ ਹੈ,
ਤਾਂਹੀਉਂ ਕੁਰਸੀ ਲਾਗੇ ਸਾਡਾ ਮੰਜਾ ਡਹਿਣ ਨਹੀਂ ਦੇਂਦੇ।

83