ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਣ ਦਿਉ ਹਰਿਆਲੀ ਛਤਰੀ, ਧੁੱਪੇ ਸੜਦੀ ਧਰਤੀ ਮਾਂ ਜੀ।
ਵਕਤ ਅਜਾਈਂ ਜਾਣ ਦਿਉ ਨਾ, ਲਾ ਜੈਕਾਰਾ ਆਖੋ ਹਾਂ ਜੀ।

ਬੋਹੜ ਤੇ ਪਿੱਪਲ, ਨਿੰਮ ਤਿਰਵੈਣੀ, ਕਰਦੀ ਸਦਾ ਸਵਾਗਤ ਜਿੱਥੇ,
ਇਸ ਰੱਕੜੀ ਵਿੱਚ ਬਹੁਤ ਬਰਕਤਾਂ ਹੁੰਦੀਆਂ ਸੀ ਬਈ ਏਸੇ ਥਾਂ ਜੀ।

ਕੁੜੀਆਂ ਚਿੜੀਆਂ ਬਿਨ ਬੇਰੌਣਕ, ਬਿਨਾ ਬਗੀਚੀ ਕਹਿਰ ਖ਼ੁਦਾਇਆ,
ਬਿਰਖ਼ ਬੀਜ ਵਿਸ਼ਵਾਸ ਦਿਵਾਉ, ਪੁੱਤਰ ਨਹੀਂ, ਸਪੁੱਤਰ ਹਾਂ ਜੀ।

ਵਣ ਹਰਿਆਲੇ, ਬਾਗਾਂ ਕੁੱਛੜ, ਅੰਬ ਟਪਕਦੇ ਟਾਹਣਾਂ ਉੱਤੋਂ,
ਇਹ ਸਭ ਹੋਵੇ, ਤੇਰੀ ਧਰਤੀ, ਦੇਸ ਦੋਆਬਾ ਮੰਨੀਏਂ ਤਾਂ ਜੀ।

ਧਰਤ ਬਿਸਤਰੇ ਉੱਪਰ ਚਾਦਰ ਹਰੀ ਕਚੂਰ ਵਿਛਾ ਲਈਏ ਜੇ,
ਉਹ ਦਿਨ ਮੋੜ ਲਿਆਈਏ ਜਿੱਸਰਾਂ, ਛਾਵੇਂ ਮੰਜਾ ਡਾਹੁੰਦੇ ਸਾਂ ਜੀ।

ਆਲ੍ਹਣਿਆਂ ਲਈ ਬਹੁਤ ਜ਼ਰੂਰੀ, ਬਿਰਖ਼ ਝਾਟਲੇ ਘਰ ਦੇ ਨੇੜੇ,
ਬੱਚਿਆਂ ਖ਼ਾਤਰ ਬਣਨ ਕਿਤਾਬਾਂ ਚਿੜੀਆਂ ਮੋਰ ਕਬੂਤਰ ਕਾਂ ਜੀ।

ਫੇਰ ਕਹੇਂਗਾ, ਮੈਨੂੰ ਸੁੱਤਿਆਂ,ਤੂੰ ਤੇ ਵੀਰ ਜਗਾਇਆ ਹੀ ਨਾ,
ਵਕਤ ਗੁਜ਼ਰਦਾ ਜਾਂਦਾ ਨਿੱਕਿਆ, ਏਨੀ ਗੱਲ ਮੈਂ ਆਖੀ ਤਾਂ ਜੀ।

85