ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰਾ ਜੰਗਲ ਸਾੜ ਲਿਆ ਹੈ, ਸੋਚ ਜ਼ਰਾ ਕਿਉਂ ਆਪਾਂ ਖਹੀਏ?
ਕੂਕ ਰਹੇ ਨੇ ਬਾਂਸ ਦੇ ਬੂਟੇ, ਸਭ ਦੀ ਸੁਣੀਏ, ਸਭ ਦੀ ਸਹੀਏ।

ਪੱਤਝੜ ਵਾਲੀ ਕਥਾ ਕਰਦਿਆਂ ਝੜਦੇ ਪੱਤੇ ਬਹੁਤ ਗਿਣਾਏ,
ਵਕਤ ਫੁਟਾਰੇ ਦਾ ਜੇ ਆਇਐ, ਆ ਇਸ ਨੂੰ ਜੀ ਆਇਆਂ ਕਹੀਏ।

ਨਵੀਂ ਕਰੂੰਬਲ ਨਵਾਂ ਸੁਨੇਹਾ, ਨਵੇਂ ਸੁਪਨਿਆਂ ਨੂੰ ਖੰਭ ਲੱਗੇ,
ਕਿਸ ਮੰਜ਼ਿਲ ਵੱਲ ਜਾਣੈਂ ਆਪਾਂ, ਨਿਸ਼ਚਾ ਕਰੀਏ ਰਲ ਕੇ ਬਹੀਏ।

ਸੱਜੇ ਹੱਥ ਨੂੰ ਖੱਬਾ ਜੇਕਰ ਸਾਥ ਨਾ ਦੇਵੇ ਤਾੜੀ ਦੇ ਲਈ,
ਏਦਾਂ ਹੀ ਰੂਹ ਬੇ ਸੁਰ ਹੋਵੇ, ਦਿਨ ਤੇ ਰਾਤ ਗਵਾਚੇ ਰਹੀਏ।

ਕਦਮਾਂ ਦਾ ਸਮਤੋਲ ਜ਼ਰੂਰੀ, ਮੈਨੂੰ ਪੁੱਛੋ ਥਿੜਕੇ ਕੋਲੋਂ,
ਮਨ ਤੇ ਬੁੱਧੀ ਸੁਰਤਿ ਇਕਾਗਰ, ਰਲ ਕੇ ਤੋਰਨ ਚਾਰੇ ਪਹੀਏ।

ਮਾਂ ਧਰਤੀ ਤੇ ਜਣਨੀ ਦੇ ਸੰਗ ਮਾਂ ਬੋਲੀ ਵੀ ਕਦੇ ਨਾ ਵਿੱਸਰੇ,
ਦੇਸ਼, ਬਦੇਸ਼, ਸਮੁੰਦਰ ਟੱਪ ਕੇ, ਭਾਵੇਂ ਜਿੱਥੇ ਮਰਜ਼ੀ ਰਹੀਏ।

ਤੂੰ ਮੈਨੂੰ, ਮੈਂ ਤੈਨੂੰ ਜੇਕਰ ਹੁਣ ਤੀਕਰ ਵੀ ਮਿਲਿਆ ਨਹੀਂਉਂ,
ਵਿੱਛੜਿਆਂ ਹੀ ਮਰ ਨਾ ਜਾਈਏ, ਇੱਕ ਦੂਜੇ ਦੇ ਦਿਲ ਵਿੱਚ ਲਹੀਏ।

87