ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਅੱਖੀਂ ਤੱਕਿਐ ਕਈ ਵਾਰੀ, ਬੱਦਲ ਵੀ ਮੁਹੱਬਤਾਂ ਕਰਦੇ ਨੇ।
ਪਰ ਧਰਤੀ ਵਾਲੇ ਰੂਹ ਉੱਤੇ ਕਿਉਂ ਪਾਉਂਦੇ ਰਹਿੰਦੇ ਪਰਦੇ ਨੇ।

ਇਹ ਪਤਾ ਨਹੀਂ ਚੌਗਿਰਦਾ ਹੈ ਜਾਂ ਮਨ ਕਮਜ਼ੋਰਾ, ਖ਼ਬਰ ਨਹੀਂ,
ਦਿਲ ਤੇਜ਼ ਧੜਕਦਾ ਮਿਲਣ ਸਾਰ, ਕਿਉਂ ਠੰਢੇ ਹਾਉਕੇ ਭਰਦੇ ਨੇ।

ਨਿਰਛਲ ਨਿਰਕਪਟ ਵਿਕਾਰਹੀਣ, ਸੁੱਚੀ ਵੀ ਮੁਹੱਬਤ ਹੁੰਦੀ ਹੈ,
ਇਹ ਅਗਨੀ ਵਸਤਰਹੀਣ ਭਲੀ, ਮਾਨਣ ਤੋਂ ਸਾਰੇ ਡਰਦੇ ਨੇ।

ਰਸਮਾਂ ਦੀ ਕੈਦਣ ਧਰਤੀ ਇਹ, ਜਿਸਮਾਂ ਦੀ ਗੁਲਾਮੀ ਕਰਦੀ ਹੈ,
ਇਹ ਬਿਰਖ਼ ਬਰੂਟੇ, ਜੰਤ ਜੀਵ ਸਭ ਰੂਹ ਦਾ ਹਾਣੀ ਵਰਦੇ ਨੇ।

ਸੁਪਨੇ ਤੇ ਰੀਝਾਂ ਘੁੱਗੀਆਂ ਜਹੇ, ਮਾਸੂਮ ਪਰਿੰਦੇ ਵਾਂਗ ਨਿਰੇ,
ਇਨ੍ਹਾਂ ਦੇ ਕਾਤਲ ਵੇਖੇ ਮੈਂ, ਖੁਦ ਆਪਣੇ ਹੱਥੋਂ ਹਰਦੇ ਨੇ।

ਇਹ ਸਤਰੰਗੀ ਜੋ ਪੀਂਘ ਦਿਸੇ ਤੇ ਆਭਾ ਮੰਡਲ ਰਿਸ਼ਮਾਂ ਦਾ,
ਕਿਰਨਾਂ ਦਾ ਮੇਲਾ, ਧਰਮ ਨਾਲ ਇਹ ਸਭ ਜੀਅ ਮੇਰੇ ਘਰ ਦੇ ਨੇ।

ਆ ਕੁੱਛੜ ਚੜ੍ਹੀਏ ਕੁਦਰਤ ਦੀ ਸਭ ਭੁੱਲ ਭੁਲਾ ਕੇ ਵਲਗਣੀਆਂ,
ਜੋ ਰੂਹ ਦੇ ਘੁੰਗਰੂ ਸੁਣਦੇ ਨਾ, ਓਹੀ ਤਾਂ ਸਦਮੇ ਜਰਦੇ ਨੇ।

90