ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਨ ਮਿਲਿਆਂ ਤੂੰ ਮੇਰੇ ਦਿਲ ਦੀ, ਬਾਤ ਕਿਸ ਤਰ੍ਹਾਂ ਕਹਿ ਜਾਂਦਾ ਏਂ?
ਰੂਹ ਦੇ ਧੁਰ ਅੰਦਰ ਬਿਨ ਪੌੜੀ, ਦੱਸੀਂ ਕਿੱਸਰਾਂ ਲਹਿ ਜਾਂਦਾ ਏਂ?

ਸੁਪਨੇ ਅੰਦਰ ਦਸਤਕ ਦੇ ਕੇ, ਉਹਨੀਂ ਪੈਰੀਂ ਮੁੜ ਹੈਂ ਜਾਂਦਾ,
ਓਸੇ ਨਾਲ ਗੁਫ਼ਤਗੂ ਮੇਰੀ, ਜਿੰਨਾ ਪਿੱਛੇ ਰਹਿ ਜਾਂਦਾ ਏਂ।

ਅਪਣੇ ਚਿਹਰੇ ਅੰਦਰ ਮੈਨੂੰ, ਇੰਜ ਲੱਗਦਾ ਏ ਤੂੰ ਵੀ ਹਾਜ਼ਰ,
ਸ਼ੀਸ਼ੇ ਅੰਦਰ ਚੁੱਪ ਚੁਪੀਤੇ, ਕਿਹੜੇ ਵੇਲੇ ਬਹਿ ਜਾਂਦਾ ਏਂ।

ਪੀੜ ਪਰੁੱਚੇ ਸ਼ਬਦਾਂ ਦੱਸਿਐ, ਅਗਨ ਕੁਠਾਲੀ ਪੈਣਾ ਪੈਂਦੈ,
ਧੰਨ ਜਿਗਰਾ! ਤੂੰ ਸਾਡੀ ਖ਼ਾਤਰ, ਕਿੰਨੇ ਸਦਮੇ ਸਹਿ ਜਾਂਦਾ ਏਂ।

ਇਹ ਦਸਤੂਰ ਪੁਰਾਣਾ ਅੱਗ ਦਾ, ਨੇੜੇ ਆਇਆ ਭਸਮ ਕਰੇਗੀ,
ਭੰਬਟ ਬਣ ਕਿਉਂ ਉੱਡਿਆ ਆਉਨੈਂ, ਸਿੱਧ ਮ ਸਿੱਧਾ ਖਹਿ ਜਾਂਦਾ ਏਂ?

ਪੀੜ ਪਹਾੜੋਂ ਭਾਰੀ ਕਿੱਦਾਂ, ਚੁੱਕਣ ਮਗਰੋਂ ਤਰਲ ਕਰੇਂ ਤੂੰ,
ਪਲਕਾਂ ਦੇ ਓਹਲੇ ਨਾ ਟਿਕਦਾ, ਅੱਥਰੂ ਬਣ ਕੇ ਵਹਿ ਜਾਂਦਾ ਏਂ।

ਮੇਰਾ ਉੱਤਰ ਸਮਝ ਲਵੀਂ ਤੂੰ, ਸ਼ਬਦ ਗਵਾਹੀ ਮੈਂ ਨਾ ਪਾਵਾਂ,
ਹਰ ਸਾਹ ਸਮਝ ਸਮਰਪਿਤ ਉਹਨੂੰ, ਬਿਨ ਬੋਲੇ ਜੋ ਕਹਿ ਜਾਂਦਾ ਏਂ।

92