ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ! ਤੇਰੇ ਵਰਗੇ ਸੱਜਣ ਸਾਰੇ ਨਹੀਂ ਹੁੰਦੇ।
ਕਰਦੇ ਜੋ ਇਕਰਾਰ,ਕਦੇ ਉਹ ਲਾਰੇ ਨਹੀਂ ਹੁੰਦੇ।

ਸੜਕਾਂ ਕੰਢੇ ਪਲਦੇ ਬਾਲ ਝਲੂੰਗੀ ਅੰਦਰ ਜੋ,
ਕਿਹੜਾ ਕਹਿੰਦੈ, ਮਾਂ ਦੀ ਅੱਖ ਦੇ ਤਾਰੇ ਨਹੀਂ ਹੁੰਦੇ।

ਝੁੱਗੀਆਂ ਨਾਲ ਨਿਭਾਉਂਦੇ ਯਾਰੀ ਕੱਖ ਤੇ ਕਾਨੇ ਹੀ,
ਏਥੇ ਵੱਸਦੇ ਲੋਕੀਂ ਕਦੇ ਵਿਚਾਰੇ ਨਹੀਂ ਹੁੰਦੇ।

ਮਨ ਦੇ ਉੱਤੇ ਬਹਿ ਜਾਂਦੇ ਨੇ ਪਰਬਤ ਪੀੜਾਂ ਦੇ,
ਅੱਖੀਓਂ ਕਿਰਦੇ ਅੱਥਰੂ ਬਹੁਤੇ ਭਾਰੇ ਨਹੀਂ ਹੁੰਦੇ।

ਏਥੇ ਤਾਂ ਹਰ ਬਿਰਖ਼ ਮੌਲਦਾ, ਖਿੜਨਾ ਚਾਹੁੰਦਾ ਹੈ,
ਮਨ ਦੇ ਬਾਗ ਬਗੀਚੇ ਅੰਦਰ ਆਰੇ ਨਹੀਂ ਹੁੰਦੇ।

ਸਿਖ਼ਰ ਪਰਬਤੀਂ ਚੜ੍ਹਦੇ ਜੇਕਰ ਰਾਹੀਂ ਬੈਠ ਗਏ,
ਥੱਕ ਸਕਦੇ ਨੇ, ਪਰ ਇਹ ਲੋਕੀਂ, ਹਾਰੇ ਨਹੀਂ ਹੁੰਦੇ।

ਦਿਲ ਦਰਿਆ, ਮਨ ਸਾਗਰ, ਪਾਣੀ ਸਾਰਾ ਨਿਰਮਲ ਹੈ,
ਧਰਤੀ ਉੱਤੇ ਸਗਲ ਸਮੁੰਦਰ ਖ਼ਾਰੇ ਨਹੀਂ ਹੁੰਦੇ।

94