ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਚੱਲ ਘੁਮਿਆਰਾ ਗੁੰਨ੍ਹ ਕੇ ਮਿੱਟੀ, ਦੀਵੇ ਘੜ ਦੇ ਚਾਨਣ ਲਈ।
ਤੂੰ ਧਰਤੀ ਤੇ ਦੂਜਾ ਰੱਬ ਹੈਂ, ਉਮਰਾਂ ਲੱਗੀਆਂ ਜਾਨਣ ਲਈ।

ਚੀਨ ਦੀਆਂ ਲੜੀਆਂ ਦਾ ਭਾਵੇਂ ਚਾਨਣ ਮਿਲਦਾ ਸਸਤੇ ਭਾਅ,
ਮੈਂ ਤਾਂ ਦੀਵੇ ਬਾਲ਼ ਹਨ੍ਹੇਰਾ, ਮੇਟੂੰ ਫ਼ਰਜ਼ ਪਛਾਨਣ ਲਈ।

ਪਵਨ ਗੁਰੂ ਨੂੰ ਗੰਧਲਾ ਨਾ ਕਰ, ਸ਼ਾਮ ਢਲੀ ਤੇ ਰਾਤ ਪਿਆਂ,
ਕੁੱਲ ਆਲਮ ਵਿੱਚ ਖੁਸ਼ੀਆਂ ਵੰਡ ਤੂੰ, ਮਿਲੀਆਂ ਨੇ ਜੋ ਮਾਨਣ ਲਈ।

ਦੀਵੇ ਨਾਲ ਮੁਹੱਬਤ ਕਰਨੀ, ਚੇਤੇ ਰੱਖ ਕੇ, ਇਸ ਗੱਲ ਨੂੰ,
ਜੋ ਖ਼ਰਚਾਂਗਾ ਵਸਤਰ ਬਣਨਾ, ਇੱਕ ਕਿਰਤੀ ਦੀ ਹਾਨਣ ਲਈ।

ਰੌਸ਼ਨੀਆਂ ਦਾ ਜਾਲ ਪਸਾਰਾਂ, ਨਾਲ ਹਨ੍ਹੇਰੇ ਲੜਨ ਲਈ,
ਇਹ ਜ਼ਿੰਦਗਾਨੀ ਮਿਲਦੀ ਨਹੀਓਂ, ਐਵੇਂ ਮਿੱਟੀ ਛਾਨਣ ਲਈ।

ਹਰੇ ਕਚੂਰ ਛਤਰ ਦੀ ਛਾਵੇਂ, ਜੇ ਬਹਿਣਾ ਤਾਂ ਫ਼ਿਕਰ ਕਰੋ,
ਸੰਘਣੇ ਵਣ ਹਰਿਆਲੇ ਲਾਉ, ਸਿਰ ਤੇ ਛਤਰੀ ਤਾਨਣ ਲਈ।

ਨਿਸ਼ਚਾਧਾਰੀ ਦੀ ਜਿੱਤ ਹੋਵੇ, ਆਦਿ ਕਾਲ ਤੋਂ ਅੱਜ ਦੇ ਤੀਕ,
ਹੋਰ ਕੁਵੇਲ਼ਾ ਕਰ ਨ ਬਹਿਣਾ, ਮਨ ਵਿੱਚ ਪੱਕੀ ਠਾਨਣ ਲਈ।

96