ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੱਕ ਲੈ ਬੁੱਲ੍ਹਿਆ ਧਰਮਾਂ ਵਾਲੇ, ਕੈਸੀ ਅਮਰਵੇਲ ਨੇ ਘੇਰੇ।
ਧਰਮਸਾਲ ਵਿੱਚ ਵੱਜਦੇ ਧਾੜੇ, ਬੁੱਢੇ ਚੋਰ ਮਸੀਤੀਂ ਡੇਰੇ।

ਹੁਕਮਰਾਨ ਦੀ ਛਤਰੀ ਥੱਲੇ, ਸਬਜ਼ ਕਬੂਤਰ ਕਰਨ ਗੁਟਰਗੂੰ,
ਹਰੀਅਲ ਜਿਹੜੀ ਬੋਲੀ ਬੋਲਣ, ਬਿਲਕੁਲ ਸਮਝ ਪਵੇ ਨਾ ਮੇਰੇ।

ਔਸੀਆਂ ਪਾ ਕੇ ਕੌਣ ਉਡੀਕੇ, ਰਿਸ਼ਤੇ ਬਣੇ ਮਸ਼ੀਨੀ ਵਸਤੂ,
ਚੂਰੀ ਕਿਸ ਨੂੰ ਕੁੱਟ ਕੇ ਪਾਈਏ, ਹੁਣ ਨਾ ਬਹਿੰਦੇ ਕਾਗ ਬਨੇਰੇ।

ਉਲਝ ਗਈ ਹੈ ਤਾਣੀ ਏਨੀ, ਲੱਭਦਾ ਹੀ ਨਾ ਤਾਣਾ-ਪੇਟਾ,
ਕੱਲ੍ਹਿਆਂ ਇਹ ਸੁਲਝਾਉਣੀ ਔਖੀ, ਨਾ ਵੱਸ ਤੇਰੇ ਨਾ ਵੱਸ ਮੇਰੇ।

ਧਰਮ ਅਤੇ ਇਖ਼ਲਾਕ ਦੇ ਰਾਖੇ, ਬਣ ਬੈਠੇ ਨੇ ਸ਼ਸਤਰਧਾਰੀ,
ਦਾਨਿਸ਼ਵਰ ਦੀ ਦਾਨਿਸ਼ ਨੂੰ ਹੁਣ, ਪੈ ਗਏ ਚਾਰ ਚੁਫ਼ੇਰਿਓਂ ਘੇਰੇ।

ਧਰਤੀ ਦੇ ਸਭ ਮਾਲ ਖ਼ਜ਼ਾਨੇ, ਲੁੱਟਣ ਪੁੱਟਣ ਵਾਲਾ ਟੋਲਾ,
ਦੇਸ਼ ਦੀ ਮੰਦੜੀ ਹਾਲਤ ਕਰਕੇ, ਮਣ ਮਣ ਮੋਟੇ ਅੱਥਰੂ ਕੇਰੇ।

ਤਨ ਤਾਂ ਏਥੇ, ਮਨ ਪਰਦੇਸੀ, ਸਾਰਾ ਵਤਨ ਪਰਾਇਆ ਜਾਪੇ,
ਝੂਠਾ ਝੂਠਾ ਸੂਰਜ ਲੱਗਦੈ, ਲਹਿੰਦਾ ਚੜ੍ਹਦਾ ਸ਼ਾਮ ਸਵੇਰੇ।

99