ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ /103

ਸੀ, ਸੁੰਦਰੀ ਦੇ ਮੂੰਹੋਂ ਸਿੰਘਣੀ ਨਿਕਲਣਾ ਹੀ ਸੀ ਕਿ ਪਠਾਣ ਨੂੰ ਜੋਸ਼ ਚੜ੍ਹ ਗਿਆ, ਆਪਣੇ ਪਾਸ ਡਿੱਗੀ ਤਲਵਾਰ ਚੁੱਕ ਕੇ ਤੇ ਡਾਢੇ ਜ਼ੋਰ ਨਾਲ ਹੁਜਕ ਕੇ ਵਿਚਾਰੀ ਸੁੰਦਰੀ, ਦਇਆ ਦੀ ਖਾਣ ਸੁੰਦਰੀ ਨੂੰ ਵਾਹ ਦਿੱਤੀ। ਆਪ ਫਿਰ ਅਜਿਹਾ ਡਿੱਗਾ ਮੁੜ ਨਾ ਉਠਿਆ।

ਸੁੰਦਰੀ, ਖਾਲਸੇ ਦੀ ਨਿਧਿ ਸੁੰਦਰੀ! ਘਾਉ ਖਾਂਦੀ ਹੀ ਧੜ ਕਰ ਕੇ ਡਿੱਗੀ। ਲਹੂ ਦੇ ਫਰਾਟੇ ਚੱਲ ਪਏ। ਬੇਹੋਸ਼ ਪਈ ਹੈ, ਸਾਹ ਮੱਧਮ ਜਿਹਾ ਆ ਰਿਹਾ ਹੈ, ਗੁਲਾਬ ਵਰਗਾ ਚਿਹਰਾ ਚਿੱਟਾ ਹੋ ਗਿਆ ਹੈ, ਮਾਨੋ ਸੰਗਮਰਮਰ ਦੀ ਪੁੱਤਲੀ ਧਰੀ ਹੈ। ਹਾਇ ਸੁੰਦਰੀ? ਤੇਰੀ ਦਇਆ ਤੈਨੂੰ ਕਸਾਇਣ ਹੋ ਢੁਕੀ। ਤੈਨੂੰ ਸ਼ਾਮ ਸਿੰਘ ਸਰਦਾਰ ਨੇ ਵਰਜਿਆ ਸੀ ਕਿ ਭੋਲੀ ਭੈਣ! ਵੈਰੀ ਤੇ ਸੱਪ ਇਕ ਤੁਲ ਹੁੰਦੇ ਹਨ। ਵੈਰੀਆਂ ਦਾ ਵਸਾਹ ਨਾ ਕਰਿਆ ਕਰ, ਇਹ ਕਿਸੇ ਦੇ ਸੱਕੇ ਨਹੀਂ, ਇਨ੍ਹਾਂ ਦੇ ਡੰਗੇ ਦਾ ਮੰਤਰ ਨਹੀਂ, ਭੋਲੀ ਸੁੰਦਰੀ! ਤੈਨੂੰ ਰਾਜਨੀਤਿ ਚੇਤੇ ਨਹੀਂ, ਤੂੰ ਧਰਮ ਮੂਰਤਿ ਦਇਆ ਦੀ ਪੁੰਜ ਹੈਂ। ਲੈ ਹੁਣ ਦੇਖ ਇਕੱਲੀ ਕਿਥੇ ਪਈ ਹੈਂ ? ਜਿਥੇ ਤੇਰਾ ਕੋਈ ਬੇਲੀ ਨਹੀਂ। ਆਹ! ਤੇਰਾ ਪਿਆਰਾ ਘੋੜਾ ਮੁੜ ਮੁੜ ਤੇਰੇ ਵੱਲ ਤੱਕਦਾ ਹੈ, ਤੇਰੇ ਨੇੜੇ ਆ ਕੇ ਤੈਨੂੰ ਸੁੰਘਦਾ ਹੈ, ਫੇਰ ਚੁਫੇਰੇ ਤੱਕਦਾ ਹੈ, ਮਾਨੋਂ ਕਿਸੇ ਸਿੱਖ ਨੂੰ ਤਾੜਦਾ ਹੈ ਕਿ ਇਸ ਦੀ ਆਕੇ ਸਾਰ ਲਵੇ। ਕਦੀ ਪਠਾਣ ਵੱਲ ਘੂਰਦਾ ਹੈ, ਪਰ ਕੀ ਕਰੇ? ਬੇ-ਜ਼ੁਬਾਨ ਪਸ਼ੂ ਹੈ। ਧੰਨ ਤੂੰ, ਧੰਨ ਤੇਰਾ ਧਰਮ, ਜਿਸ ਨੇ ਪਸ਼ੂਆਂ ਵਿਚ ਬੀ ਤੇਰਾ ਪਿਆਰ ਪਾਇਆ ਹੈ। ਪਈ ਰਹੁ, ਪਿਆਰੀ ਸੁੰਦਰੀ! ਹੁਣ ਇਸ ਉਜਾੜ ਵਿਚ ਸਦੀਆਂ ਤੇਰੇ ਤੇ ਬੀਤਣ। ਤੂੰ ਪਈ ਰਹੁ! ਹਾਇ ਕੀ ਪਤਾ, ਤੇਰੀ ਅਜੇ ਕੀ ਕਿਸਮਤ ਹੈ?

ਹੇ ਅੱਜ ਕੱਲ ਦੀਆਂ ਸੋਨੇ ਵਿਚ ਪੀਲੀਆਂ ਹੋਕੇ ਸੁਖ ਨਾਲ ਬੈਠੀਓਂ ਸਿੰਘਣੀਓ ! ਗਰੀਬ ਤੇ ਅਮੀਰ ਸਿੱਖਾਂ ਦੀਓ ਧੀਓ, ਭੈਣੋਂ ਤੇ ਮਾਂਵੇਂ! ਜ਼ਰਾ ਆਪਣੀ ਵਡੇਰੀ ਸੁੰਦਰੀ ਦੇ ਸਿਦਕ ਤੇ ਕਸ਼ਟਾਂ ਵੱਲ ਦੇਖੋ: 'ਕਿਨ੍ਹਾਂ ਔਕੜਾਂ ਵਿਚ ਫਸਦੀ ਹੈ, ਪਰ ਧਰਮ ਨਹੀਂ ਹਾਰਦੀ। ਜਾਨ ਜੋਖੋਂ ਵਿਚ ਪਾਉਂਦੀ ਹੈ, ਪਰ ਆਪਣੇ ਸ਼ੁਭ ਗੁਣ ਨਹੀਂ ਛੱਡਦੀ। ਕਿਸ ਅਪਦਾ ਅਰ ਬਿਪਦਾ ਦੇ ਸਮਿਆਂ ਵਿਚ ਸਿੰਘ ਧਰਮ ਪੁਰ ਦ੍ਰਿੜਤਾ ਰੱਖਦੀ ਹੈ? ਜ਼ਰਾ ਆਪਣੀ ਵਲ ਤੱਕੋ ਤੇ ਦੇਖੋ ਕਿ ਸਿੱਖ ਕੌਮ ਦਾ ਘਾਟਾ ਤੁਹਾਡੇ ਹੱਥੋਂ ਹੋ ਰਿਹਾ ਹੈ ਕਿ ਨਹੀਂ।