ਪੰਨਾ:ਸੁੰਦਰੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 107

ਦਾ ਹਾਲ ਮਾੜਾ ਹੋ ਜਾਂਦਾ। ਹਕੀਮ ਬਥੇਰਾ ਰੋਕਦੇ, ਪਰ ਹਾਕਮ ਉਹਨਾਂ ਨੂੰ ਦੋਸ਼ ਦਿੰਦਾ, ਕਿ ਤੁਸੀਂ ਇਲਾਜ ਠੀਕ ਨਹੀਂ ਕਰਦੇ।

ਉਧਰ ਦਾ ਪ੍ਰਸੰਗ ਸੁਣੋ ਖਾਲਸੇ ਨੇ ਲਾਹੋਰੋਂ ਨੱਸ ਅੰਮ੍ਰਿਤਸਰ ਆ ਸਾਹ ਲੀਤਾ। ਏਥੇ ਪਤਾ ਲਗਾ ਕਿ ਸੁੰਦਰੀ ਹੈ ਨਹੀਂ, ਬਹੁਤ ਭਾਲ ਕੀਤੀ, ਪਰ ਕੁਝ ਥਹੁ ਨਾ ਲੱਗਾ। ਕਈ ਜਣੇ ਭੇਸ ਵਟਾ ਰਣ ਭੂਮੀ ਵਿਚ ਗਏ ਕਿ ਸੁੰਦਰੀ ਦੀ ਲੋਥ ਹੀ ਲੱਭੇ ਪਰ ਕੁਝ ਪਤਾ ਨਾ ਲੱਗਾ ਉਧਰੋਂ ਇਹ ਅਪਦਾ ਪਈ ਕਿ ਮੀਰ ਮੰਨੂੰ ਨੇ ਦੁੱਰਾਨੀ ਪਾਤਸ਼ਾਹ ਨਾਲ ਸੁਲਹ ਕਰਕੇ ਉਸ ਨੂੰ ਕਾਬਲ ਤੋਰਿਆ ਅਰ ਆਪ ਲੱਗਾ ਹਕੂਮਤ ਕਰਨ। ਮਹਾਰਾਜਾ ਕੋੜਾ ਮੱਲ ਜੀ ਤਾਂ ਪਰਲੋਕ ਜਾ ਚੁੱਕੇ ਸੀ, ਸਿੱਖਾਂ ਦਾ ਹਮੈਤੀ ਹੋਰ ਦਰਬਾਰ ਵਿਚ ਕੋਈ ਸੀ ਹੀ ਨਹੀਂ। ਫੇਰ ਲੱਗੀ ਪੁਠੀ ਕਲਮ ਵਂਗਣ। ਸਿੱਖਾਂ ਦੀ ਕਤਲਾਮ ਆਰੰਭੀ ਗਈ, ਸਾਰੇ ਪੰਜਾਬ ਵਿੱਚ ਗੁਸ਼ਤੀ ਫੌਜ ਛੱਡੀ ਗਈ, ਥਾਊਂ ਥਾਈਂ ਚੌਕੀਆਂ ਤੇ ਕੱਚੇ ਕਿਲ੍ਹੇ ਸਿੱਖਾਂ ਦੇ ਮਾਰਨ ਵਾਸਤੇ ਬਣਾਏ ਗਏ। ਪਿੰਡਾਂ ਦੇ ਪੈਚਾਂ ਦੀਆਂ ਜ਼ਮਾਨਤਾਂ ਲਈਆਂ ਗਈਆਂ ਕਿ ਕਿਸੇ ਸਿੱਖ ਨੂੰ ਆਪਣੇ ਇਲਾਕੇ ਵਿਚ ਨਾ ਵੱਸਣ ਦੇਣ। ਨਾ ਲੜਨ ਵਾਲੇ, ਅਰਥਾਤ ਖੇਤੀ ਕਰਨ ਵਾਲੇ ਤੇ ਕਿਰਤੀ ਵਪਾਰੀ ਸਿੱਖ ਸ਼ਹੀਦ ਕੀਤੇ ਜਾਣ ਲੱਗ ਪਏ। ਲਾਹੌਰ ਘੋੜਾ ਮੰਡੀ ਦੇ ਵਿਚ ਸਿੱਖਾਂ ਦੇ ਸਿਰ ਉਤਰਨੇ ਆਰੰਭ ਹੋਏ। ਦੇਸ਼ ਵਿਚ ਸਿੱਖਾਂ ਲਈ ਇਕ ਪਰਲੋ ਆ ਗਈ। ਸੋ ਵਿਚਾਰੇ ਫੇਰ ਬਨਾਂ ਤੇ ਝੱਲਾਂ ਵਿਚ ਜਾ ਵੜੇ। ਮਰਦ ਜਦ ਝੱਲਾਂ ਵਿਚ ਜਾ ਵੜੇ ਤਾਂ ਮੁਖ਼ਬਰਾਂ ਨੇ ਖਾਲਸਿਆਂ ਦੇ ਟੱਬਰ ਕਬੀਲੇ ਪਕੜਾ ਦਿੱਤੇ, ਮੀਰ ਮੰਨੂੰ ਦੇ ਜ਼ੁਲਮ ਡਾਢੇ ਕਹਿਰ ਦੇ ਸਨ, ਸਾਰੇ ਲਿਖੀਏ ਤਾਂ ਇਕ ਪੁਸਤਕ ਲੋੜੀਏ, ਪਰ ਇਸਦਾ ਸਿੰਘਣੀਆਂ ਪਰ ਜ਼ੁਲਮ ਬੜਾ ਵਹਿਸ਼ੀਆਨਾ ਸੀ। ਬਹੁਤ ਸਾਰੀਆਂ ਸਿੰਘਣੀਆਂ ਜੋ ਲਾਹੌਰ ਪਕੜ ਆਂਦੀਆਂ ਸਨ, ਮੀਰ ਮੰਨੂੰ ਨੇ ਬਹੁਤ ਯਤਨ ਕੀਤੇ ਕਿ ਉਹ ਸਿੰਘਣੀਆਂ ਤੁਰਕਣੀਆਂ ਹੋ ਜਾਣ, ਪਰ ਇਕ ਨੇ ਬੀ ਨਾ ਮੰਨਿਆ। ਪਹਿਲੇ ਉਨ੍ਹਾਂ ਨੂੰ ਭੁੱਖ ਦਾ ਦੁੱਖ ਦਿੱਤਾ। ਫੇਰ ਸਵਾ ਸਵਾ ਮਣ ਦੇ ਦਾਣੇ ਰੋਜ਼ ਪਿਹਾਏ ਤੇ ਭਾਂਤ ਭਾਂਤ ਦੇ ਕਸ਼ਟ ਦਿਖਾਏ, ਛੇਕੜ ਉਹਨਾਂ ਦੇ ਪਿਆਰੇ ਬੱਚੇ ਖੋਹਕੇ ਉਹਨਾਂ ਦੇ ਸਾਹਮਣੇ ਨੇਜ਼ਿਆਂ ਤੇ ਪ੍ਰੋ ਪ੍ਰੋ ਕੇ ਮਾਰੇ, ਫਿਰ ਝੋਲੀਆਂ ਵਿਚ ਬੱਚਿਆਂ ਦੀਆਂ ਲੋਥਾਂ ਪੁਆ ਕੇ ਚੱਕੀਆਂ ਪਿਹਾਈਆਂ, ਪਰ ਗੁਰੂ ਗੋਬਿੰਦ ਸਿੰਘ ਜੀ