ਪੰਨਾ:ਸੁੰਦਰੀ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 109

੧੬ ਕਾਂਡ

“ਚਲਣ ਚਿੱਤ ਸਹੇਲੀਆਂ ਤੇ ਗੁਹੜੇ ਦਿਤੇ ਵੰਡ।"

ਸੁੰਦਰੀ ਭਾਵੇਂ ਜਖ਼ਮਾਂ ਤੋਂ ਰਾਜ਼ੀ ਹੋ ਗਈ, ਪਰ ਆਪਣੇ ਅਸਲ ਰੰਗ ਰੂਪ ਤੇ ਨਾ ਆਈ ਅਰ ਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡਿਆ। ਉਤੋਂ ਭਰਾਵਾਂ ਦਾ ਵਿਛੋੜਾ ਧਰਮ ਭੰਗ ਹੋਣ ਦਾ ਡਰ, ਦੁਸ਼ਮਨਾਂ ਦੀ ਕੈਦ, ਸਰੀਰ ਦੀ ਰੋਗਤਾ ਆਦਿਕ ਚੋਭਾਂ ਨੇ ਅੰਦਰਲੇ ਦੁਖ ਨੂੰ ਘਟਣ ਨਾ ਦਿੱਤਾ।

"ਦੁਖੁ ਵਿਛੋੜਾ ਇਕੁ ਦੁਖੁ ਭੂਖ॥ ਇਕੁ ਦੁਖੁ ਸਕਤਵਾਰ ਜਮਦੂਤ॥
ਇਕੁ ਦੁਖੁ ਰੋਗੁ ਲਗੈ ਤਨਿ ਧਾਇ॥ ਵੈਦ ਨ ਭੋਲੇ ਦਾਰੂ ਲਾਇ॥੧॥ (ਮਲਾਰ ਮ:੧, ਪੰਨਾ ੧੨੫੬)

ਇਕ ਦਿਨ ਹਾਕਮ ਨੂੰ ਵੈਦਾਂ ਹਕੀਮਾਂ ਨੇ ਦੱਸਿਆ ਕਿ ਸੁੰਦਰੀ ਪਾਸ ਕੋਈ ਹਸਮੁਖੀ ਗੋਲੀ ਹੋਵੇ ਤਾਂ ਇਹਦਾ ਜੀ ਲੱਗੇ ਤੇ ਤਾਪ ਤੋਂ ਵੱਲ ਹੋਵੇ, ਇਹ ਪਹਾੜੀ ਰਾਜਪੂਤ ਗੋਲੀਆਂ ਬਥੁਨ ਹਨ। ਇਹ ਵਿਚਾਰਕੇ ਗੋਲੀਆਂ ਭਾਲਣ ਲੱਗੇ, ਇਕ ਦੋ ਆਈਆਂ, ਪਰ ਸੁੰਦਰੀ ਦੇ ਪਸੰਦ ਨਾ ਆਈਆਂ। ਇਕ ਗੋਲੀ ਪੰਜਾਬਣ ਲੱਭੀ ਜੋ ਚਤੁਰ ਅਰ ਸੁੰਦਰ ਸੀ, ਇਸਦਾ ਨਾਉਂ ਰਾਧਾ ਸੀ। ਇਸ ਨੂੰ ਸੁੰਦਰੀ ਨੇ ਪਸਿੰਦ ਕੀਤਾ ਕਿਉਂਕਿ ਇਸ ਨੂੰ ਗੁਰਬਾਣੀ ਬਹੁਤ ਕੰਠ ਸੀ। ਸੁੰਦਰੀ ਆਪਣੇ ਹਿਰਦੇ ਵਿਚੋਂ ਨਾਮ ਨੂੰ ਤਾਂ ਕਦੀ ਨਹੀਂ ਭੁੱਲਦੀ ਸੀ, ਹਰ ਵੇਲੇ ਸਿਮਰਨ ਕਰਦੀ ਸੀ। ਇਸ ਗੋਲੀ ਨੇ ਜੇ ਪਾਠ ਕਰਨਾ ਤਾਂ ਸੁੰਦਰੀ ਦਾ ਮਨ ਵੱਡਾ ਆਨੰਦ ਹੋਣਾ। ਪਿਛਲੀ ਰਾਤ ਤੋਂ ਲੈ ਕੇ ਦਿਨ ਚੜ੍ਹੇ ਤੀਕ ਪਾਠ ਹੁੰਦਾ, ਸੁੰਦਰੀ ਦਾ ਦਿਲ ਭੀ ਪਰਚਿਆ, ਪਰ ਪਾਪੀ ਤਾਪ ਨੇ ਪਿੱਛਾ ਨਾ ਛੱਡਿਆ। ਹਕੀਮ ਆਖਣ ਲੱਗ ਪਏ ਕਿ ਇਹ ਇੱਕ ਤਾਪ ਹੋ ਗਿਆ ਹੈ, ਕਈ ਆਖਣ ਇਹ ਮੌਸਮੀ ਤਾਪ ਹੈ ਜੋ ਅੱਜ ਕਲ ਸਾਰੇ ਸ਼ਹਿਰਾਂ ਵਿਚ ਪਸਰ ਰਿਹਾ ਹੈ, ਪਰ ਸ਼ੌਕ ਹੈ ਤਾਂ ਇਹ ਕਿ ਕਿਸੇ ਦਾਰੂ ਨੇ ਕਾਟ ਨਾ ਕੀਤੀ।