ਪੰਨਾ:ਸੁੰਦਰੀ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
110 / ਸੁੰਦਰੀ

ਇਕ ਦਿਨ ਹਾਕਮ ਗੋਲੀ ਰਾਧਾ ਨੂੰ ਵੱਖਰਿਆਂ ਸੱਦਕੇ ਪੁੱਛਣ ਲੱਗਾ ਕਿ ਤੂੰ ਮੈਨੂੰ ਅਸਲ ਭੇਤ ਦੱਸ ਜੋ ਸੁੰਦਰੀ ਦੇ ਜੀਅ ਵਿਚ ਕੀਹ ਹੈ ਜੋ ਮੈਂ ਪੂਰਾ ਕਰਾਂ ? ਇਹ ਤਾਂ ਮੈਂ ਜਾਣਦਾ ਹਾਂ ਕਿ ਉਹ ਸਿੱਖਣੀ ਹੈ ਅਰ ਸਿੱਖ ਧਰਮ ਨੂੰ ਨਹੀਂ ਤਿਆਗਦੀ, ਪਰ ਜੇ ਉਹ ਇਸ ਗਲੇ ਬਿਮਾਰੀ ਤੋਂ ਰਾਜ਼ੀ ਹੋ ਜਾਵੇ ਕਿ ਮੈਂ ਸਿੱਖ ਬਣ ਜਾਵਾਂ ਤਦ ਮੈਂ ਅੰਦਰ ਖਾਨੇ ਸਿੱਖ ਬਣ ਜਾਂਦਾ ਹਾਂ। ਗੋਲੀ ਨੇ ਉਤਰ ਦਿੱਤਾ, ਜੀ! ਮੈਂ ਕਿਸੇ ਵੇਲੇ ਗੱਲ ਦਾ ਭੇਤ ਲਵਾਂਗੀ, ਪਰ ਅਜੇ ਤਾਂ ਮੈਨੂੰ ਇਹੋ ਜਾਪਦਾ ਹੈ ਕਿ ਅੰਦਰੋਂ ਰੋਗ ਨਹੀਂ ਗਿਆ। ਬੇਅਦਬੀ ਮਾਫ਼, ਜੇਕਰ ਆਪ ਮੰਨੋ ਤਾਂ ਇਕ ਬੇਨਤੀ ਕਰਾਂ? ਨਵਾਬ ਨੇ ਕਿਹਾ' ਆਖ, ਡਰ ਨਾ। ਗੋਲੀ ਬੋਲੀ, ਤੁਸੀਂ ਇਲਾਜ ਵੱਡੇ ਵੱਡੇ ਹਕੀਮਾਂ ਦਾ ਕਰਦੇ ਹੋ, ਜਿਨ੍ਹਾਂ ਤੋਂ ਅਜੇ ਤੱਕ ਖੋਹਣ ਨਹੀਂ ਖੁੱਸੀ, ਛੋਟਿਆਂ ਦੇ ਤੁਸੀਂ ਪਾਸ ਨਹੀਂ ਜਾਂਦੇ ਤੇ ਉਨ੍ਹਾਂ ਕੋਲ ਸਗੋਂ ਚੰਗੇ ਟੋਟਕੇ ਹੋਯਾ ਕਰਦੇ ਹਨ। ਮੈਂ ਇਸ ਨਾਲੋਂ ਵੱਧ ਵੱਧ ਮਹੀਨਿਆਂ ਤੋਂ ਜਾਂਦੇ ਰਾਜ਼ੀ ਹੁੰਦੇ ਵੇਖੇ ਹਨ, ਬਾਉਰੀਆਂ ਵਾਲਾ ਕਰਕੇ ਸਦਾਉਂਦਾ ਇਕ ਹਕੀਮ ਹੈ, ਨੱਥੂ ਦੀ ਟਿੱਬੀ ਕੋਲ ਬਾਗ਼ ਵਿਚ ਰਹਿੰਦਾ ਹੈ। ਸਾਰੇ ਸ਼ਹਿਰ ਦੇ ਲੋਕ ਤਾਪ ਦੇ ਵਾਸਤੇ ਉਸਦੇ ਕੋਲ ਜਾਂਦੇ ਅਰ ਇਕ ਪੁੜੀ ਨਾਲ ਤਾਪ ਉਤਾਰਦਾ ਹੈ, ਤੁਸੀਂ ਉਸਦਾ ਇਲਾਜ ਕਰੋ। ਹਾਕਮ ਨੇ ਕਿਹਾ ਚੰਗੀ ਗੱਲ ਹੈ, ਫੇਰ ਕੁਝ ਘੋਰ ਮਨੋਰਾ ਕਰਕੇ ਵਿਦਾ ਹੋਏ।

ਹਾਕਮ ਨੇ ਜਦ ਪਤਾ ਕੱਢਿਆ ਤਦ ਠੀਕ ਪਤਾ ਲੱਗਾ ਕਿ ਬਾਉਰੀਆਂ ਵਾਲਾ ਹਕੀਮ ਸ਼ਹਿਰ ਵਿਚ ਤਪਾਲੀ ਦਾ ਸ਼ਰਤੀਆ ਇਲਾਜ ਕਰ ਰਿਹਾ ਹੈ। ਦੂਜੇ ਦਿਨ ਉਹ ਹਕੀਮ ਸਾਹਿਬ ਹਾਜ਼ਰ ਹੋਏ, ਸੁੰਦਰੀ ਦੀ ਨਾੜ ਵੇਖ ਕੇ ਆਖਣ ਲੱਗੇ, ਨਵਾਬ ਸਾਹਿਬ! ਇਸ ਨੂੰ ਹਮੀ ਮੁਤਫ਼ੱਕਰਾ ਹੈ, ਅਰਥਾਤ ਇਸ ਨੂੰ ਚਿੰਤਾ ਦਾ ਤਪ ਹੈ। ਫੇਰ ਪੈਰ ਦੀ ਨਾੜ ਡਿੱਠੀ, ਫੇਰ ਥੁੱਕਾਂ ਨੂੰ ਪਰਖਿਆ, ਤਦ ਬੋਲੇ ਕਿ ਤਪ ਨਾੜਾਂ ਵਿਚ ਵੜ ਗਿਆ ਹੈ। ਰਾਜ਼ੀ ਤਾਂ ਮੈਂ ਕਰ ਲਊਂ, ਪਰ ਸ਼ਹਿਰ ਦੀ ਹਵਾ ਮੁਤਅਫ਼ਨ (ਗੰਦੀ) ਹੈ, ਇਸ ਨੂੰ ਕਿਤੇ ਖੁੱਲੇ ਮੈਦਾਨ ਵਿਚ ਪਾਣੀ ਦੇ ਕੰਢੇ ਲੈ ਚੱਲੋ ਫੇਰ ਰਾਜ਼ੀ ਹੋ ਜਾਊ। ਹਾਕਮ ਸਾਹਿਬ ਬੋਲੇ, ਜਿਥੇ ਆਖੋ ਲੈ ਚਲੀਏ। ਹਕੀਮ ਸਾਹਿਬ ਬੋਲੇ, ਜੇਕਰ ਸਮੁੰਦਰ ਦਾ ਕਿਨਾਰਾ ਹੋਵੇ ਤਾਂ ਬਹੁਤ ਚੰਗਾ, ਨਹੀਂ ਤਾਂ ਕਿਸੇ ਝੀਲ (ਛੰਭ)