ਪੰਨਾ:ਸੁੰਦਰੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 111

ਦੇ ਕੰਢੇ ਹੀ ਸਹੀ। ਜੇ ਕਰ ਇਹ ਭੀ ਨਾ ਹੋਵੇ ਤਦ ਬਿਆਸਾ ਦੇ ਕੰਢੇ ਹੀ ਲੈ ਚੱਲੋ। ਫੇਰ ਹਕੀਮ ਜੀ ਨੇ ਸੌ ਕੁ ਰੁਪਯੇ ਦੇ ਮੋਤੀ ਦੇ ਕੁਝ ਸੰਗਯਸਥ ਸਾੜਿਆ, ਕੁਝ ਸੰਦਲ ਰਗੜਵਾਯਾ, ਗੁੱਲੀਆਂ ਮਰਵਾਈਆਂ, ਕੁਝ ਦਵਾ ਕੋਲੋਂ ਪਾਈ। ਦਵਾ ਬਣਾਕੇ ਉਸ ਵਿਚੋਂ ਤਿੰਨ ਪੁੜੀਆਂ ਦੇ ਗਏ। ਉਸ ਦਿਨ ਤਪ ਕੁਝ ਰੁਕ ਗਿਆ। ਹਕੀਮ ਜੀ ਦੀ ਇੱਜ਼ਤ ਬਣ ਗਈ। ਉਸ ਦਿਨ ਹੀ ਤੰਬੂ ਕਨਾਤਾਂ ਤੇ ਲਟਾਪਣਾ ਚੋਖੇ ਸਵਾਰ, ਹਾਕਮ ਸਾਹਿਬ ਆਪ, ਸੁੰਦਰੀ ਤੇ ਗੋਲੀਆਂ ਬਾਂਦੀਆਂ ਬਿਆਸਾ ਦੇ ਕਿਨਾਰੇ ਅੱਪੜੀਆਂ, ਤਿੰਨਾਂ ਦਿਨਾਂ ਵਿਚ ਪਰਖਰੀ ਹਵਾ ਦੇ ਅਸਰ ਨਾਲ ਸੁੰਦਰੀ ਦੀ ਕਾਇਆ ਪਲਟ ਹੋਣ ਲੱਗ ਪਈ। ਹਕੀਮ ਸਾਹਿਬ ਬੋਲੇ ਕਿ ਅਗਰ ਕਿਸੇ ਛੰਭ ਤੇ ਚੱਲੋ ਤਦ ਬਹੁਤ ਲਾਭ ਪਹੁੰਚੇ, ਬਹੁਤ ਸੋਚ ਵਿਚਾਰ ਮਗਰੋਂ ਕਾਹਨੂੰਵਾਣ ਦਾ ਛੰਭ ਪਸੰਦ ਆਇਆ। ਤੀਜੇ ਦਿਨ ਉਥੇ ਡੇਰੇ ਜਾ ਲੱਗੇ, ਇਥੇ ਤਾਂ ਸੁੰਦਰੀ ਸਚਮੁਚ ਸੁੰਦਰੀ ਬਣਨ ਲੱਗ ਗਈ।

ਇਕ ਦਿਨ ਹਾਕਮ ਸਾਹਿਬ ਸੁੰਦਰੀ ਨੂੰ ਆਨੰਦ ਵਿਚ ਬੈਠਿਆਂ ਦੇਖ ਕੇ ਪਾਸ ਆ ਬੈਠੇ ਅਰ ਮਸਾਲੇ ਲਾ ਲਾਕੇ ਲੱਗੇ ਗੱਲਾਂ ਕਰਨ। ਸੁੰਦਰੀ ਇਕ ਗੰਭੀਰ ਨਿਆਇ ਕਰਤਾ ਵਾਂਗੂੰ ਸੁਣਦੀ ਰਹੀ, ਛੇਕੜ ਬੋਲੀ ਕਿ ਨਵਾਬ ਸਾਹਿਬ! ਮੈਂ ਲੋਕਾਂ ਵਰਗੀ ਨਾਸ਼ੁਕਰੀ ਨਹੀਂ ਹਾਂ, ਚਾਹੇ ਮੈਨੂੰ ਕੈਦ ਵਿਚ ਪਾਕੇ ਇਲਾਜ ਕੀਤਾ ਹੈ, ਪਰ ਇਲਾਜ ਕਰਨ ਦਾ ਹਸਾਨ ਮੈਂ ਮੰਨਦੀ ਹਾਂ, ਪਰੰਤੂ ਜੋ ਇੰਦੀਆ ਆਪ ਦਾ ਮੇਰੇ ਨਾਲ ਵਿਆਹ ਦਾ ਹੈ ਸੋ ਬੜਾ ਅਯੋਗ ਹੈ, ਕਿਉਂਕਿ ਮੈਂ ਆਪ ਦੀਆਂ ਧੀਆਂ ਜਿਹੀ ਹਾਂ, ਆਪ ਹਾਕਮ ਹੋ, ਆਪ ਨੂੰ ਪਰਜਾ ਪੁਰ ਦਇਆ ਰੱਖਣੀ ਚਾਹੀਦੀ ਹੈ। ਪਰ ਨਵਾਬ ਸਾਹਿਬ ਨੇ ਬਹੁਤ ਮਿੰਨਤਾਂ ਕੀਤੀਆਂ, ਜਿਨ੍ਹਾਂ ਵਿਚ ਕੁਝ ਡਰਾਵਾ ਵੀ ਸੀ। ਇਸ ਦਾ ਉੱਤਰ ਸੁੰਦਰੀ ਨੇ ਇਹ ਦਿੱਤਾ ਕਿ ਆਪ ਨੇ ਜਿਥੇ ਐਡੀ ਕ੍ਰਿਪਾ ਕੀਤੀ ਹੈ ਥੋੜੀ ਹੋਰ ਕਰੋ, ਤਿੰਨ ਦਿਨ ਠਹਿਰੋ, ਫੇਰ ਮੈਂ ਆਪ ਨੂੰ ਪੱਕਾ ਉੱਤਰ ਦਿਆਂਗੀ, ਇਹ ਮੁਹਲਤ ਬਖਸ਼ੋ। ਹਾਕਮ ਜੀ ਸੁੰਦਰੀ ਦਾ ਜੀ ਰੰਜ ਨਹੀਂ ਕਰਨਾ ਚਾਹੁੰਦੇ ਸਨ, ਮੰਨ ਗਏ।

ਦੂਜੇ ਦਿਨ ਦੁਪਹਿਰ ਵੇਲੇ ਹਾਕਮ ਸਾਹਿਬ ਬੈਠੇ ਸ਼ਤਰੰਜ ਖੇਡ ਰਹੇ ਸਨ ਕਿ ਨੌਕਰ ਨੇ ਆਕੇ ਖ਼ਬਰ ਦਿੱਤੀ ਕਿ ਹਜ਼ੂਰ ਉਸ ਰੁਖ਼ ਤੋਂ ਗਰਦ