ਪੰਨਾ:ਸੁੰਦਰੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
112 / ਸੁੰਦਰੀ

ਉਡਦੀ ਹੈ, ਮਤਾਂ ਕੋਈ ਸੈਨਾ ਹੋਵੇ। ਹਾਕਮ ਸਾਹਿਬ ਬੋਲੇ, ਆਂਧੀ ਹੋਗੀ। ਕੁਛ ਚਿਰ ਮਗਰੋਂ ਫੇਰ ਖ਼ਬਰ ਆਈ, ਕਿ ਹਜ਼ੂਰ! ਹੁਣ ਤਾਂ ਸਵਾਰ ਸਾਫ਼ ਦਿੱਸਦੇ ਹਨ। ਝੱਟਪੱਟ ਹਾਕਮ ਸਾਹਿਬ ਨਿਕਲੇ। ਇਕ ਨੇ ਪਛਾਣਿਆ ਕਿ ਸਿੱਖ ਜਾਪਦੇ ਹਨ। ਤੁਰਤ ਫੁਰਤ ਸਵਾਰ ਆਦਮੀ ਤਿਆਰ ਹੋਣ ਲੱਗੇ। ਹਾਕਮ ਜੀ ਵੀ ਸਟੀ ਪਟੀ ਭੁੱਲ ਗਏ, ਉਨ੍ਹਾਂ ਦੇ ਤਿਆਰ ਹੁੰਦੇ ਹੁੰਦੇ ਹੀ ੧੦੦ ਕੁ ਸਵਾਰ ਸਿੰਘ ਆ ਪਹੁੰਚੇ, ਪਹੁੰਚਦੇ ਸਾਰ ਹੀ ੩੦ ਜਣਿਆਂ ਨੇ ਉਸ ਟਿੱਬੀ ਦੇ ਦੁਆਲੇ, ਜਿਸ ਪੁਰ ਸੁੰਦਰੀ ਦਾ ਤੰਬੂ ਸੀ, ਘੇਰਾ ਪਾ ਲਿਆ ਤੇ ਬਾਕੀ ਤੁਰਕਾਂ ਨਾਲ ਗੁੱਥਮ ਗੁੱਥਾ ਹੋ ਗਏ। ਸਿੱਖਾਂ ਦੇ ਆਗੂ ਬਲਵੰਤ ਸਿੰਘ ਨੇ ਲਲਕਾਰ ਕੇ ਕਿਹਾ ਕਿ ਦੋ ਸੌ ਤੁਰਕ ਤੇ ਸੌ ਸਿੰਘ ਹਾਂ, ਆਓ ਇਕ ਲੜਾਈ ਤਾਂ ਕਰ ਲਵੋ। ਤੁਰਕਾਂ ਦਾ ਧਿਆਨ ਇਧਰ ਜਾ ਪਿਆ, ਉਧਰ ਤੰਬੂ ਵਿਚੋਂ ਸੁੰਦਰੀ ਨਿਕਲੀ, ਭਰਾਵਾਂ ਨੂੰ ਦੇਖ ਕੌਲ ਫੁੱਲ ਵਾਂਗੂੰ ਖਿੜ ਗਈ ਇਹ ਵੇਲਾ ਭੀ ਇਕ ਵੱਡੀ ਫੁਰਤੀ ਦਾ ਸੀ, ਸੁੰਦਰੀ ਲਈ ਘੋੜਾ ਨੇੜੇ ਹੀ ਬੁੱਧਾ ਸੀ। (ਰਾਧਾ ਜੋ ਅਸਲ ਵਿਚ ਧਰਮਕੌਰ ਸੀ। ਅਰ ਬਾਉਰੀਆਂ ਵਾਲਾ ਹਕੀਮ (ਜੋ ਅਸਲ ਵਿਚ ਭਾਈ ਬਿਜਲਾ ਸਿੰਘ ਸੀ) ਦੋਹਾਂ ਜਣਿਆਂ ਨੇ ਘੋੜੇ ਤੇ ਕਾਠੀ ਪਾਈ, ਸੁੰਦਰੀ ਅਸਵਾਰ ਹੋ ਗਈ। ਇਕ ਘੋੜਾ ਕਿਸੇ ਤੁਰਕ ਦਾ ਖੋਹਲ ਲਿਆਏ, ਇਸ ਪਰ ਧਰਮ ਕੌਰ ਚੜ੍ਹ ਬੈਠੀ, ਹੁਣ ਇਨ੍ਹਾਂ ਨੇ ਤਾਂ ਕੂਚ ਬੋਲੀ ਤੇ ਬਾਕੀ ਦੇ ਸਿੱਖ ਤੁਰਕਾਂ ਨਾਲ ਜੁੱਟੇ ਰਹੇ।

ਉਧਰ ਹਾਕਮ ਸਿਖਾਂ ਦੇ ਹੱਥ-ਕੰਡਿਆਂ ਤੋਂ ਪੱਕਾ ਵਾਕਫ਼ ਸੀ ਅਰ ਬਹੁਤ ਵੇਰੀ ਇਨ੍ਹਾਂ ਦੇ ਹੱਥ ਵੇਖ ਚੁਕਾ ਸੀ, ਉਹ ਇਸ ਗੱਲ ਨੂੰ ਪਹਿਲਾਂ ਹੀ ਤਾੜ ਗਿਆ ਸੀ। ਪੰਜਾਹ ਕੁ ਅਸਵਾਰ ਸਾਥੀ ਤਿਆਰ ਲੈ ਕੇ ਇਕ ਨੁੱਕਰੇ ਤੱਕ ਰਿਹਾ ਸੀ, ਇਧਰੋਂ ਸੁੰਦਰੀ ਦਾ ਤੰਬੂ ਹਿੱਲਿਆ ਉਧਰੋਂ ਇਹ ਉਧਰ ਵਧਿਆ। ਇਥੇ ਤਲਵਾਰ ਵਡੇ ਜ਼ੋਰ ਦੀ ਚੱਲੀ ਅਰ ੨੦ ਤੁਰਕ ਤੇ ਦੋ ਕੁ ਸਿੰਘ ਕੰਮ ਆਏ। ਹਾਕਮ ਝਈਆਂ ਲੈ ਲੈ ਕੇ ਪਵੇ, ਪਰ ਸਿੰਘਾਂ ਦੀ ਲੋਹ-ਮਈ ਕਰੜਾਈ ਅਗੇ ਰਹਿ ਜਾਵੇ। ਬਲਵੰਤ ਸਿੰਘ ਨੇ ਤਾੜਿਆ ਕਿ ਵਿਉਂਤ ਉਲਟੀ ਪਈ, ਛੇਤੀ ਨਾਲ ਖਾਲਸੇ ਨੂੰ ਇਕ ਬੋਲੀ ਦੇ ਕੇ ਉਸ ਘਮਸਾਨ ਵਿਚੋਂ ਕੱਢਦਾ ਹੈ ਉਤੱਰ ਰੁਖ਼ ਮੂੰਹ ਧਰਦਾ ਬਿਜਲੀ ਦੀ ਫੁਰਤੀ ਵਾਂਗੂੰ ਲਗਾਮ ਮੋੜ ਝੱਟ ਸੁੰਦਰੀ ਦੀ ਰੱਖਿਆ ਨੂੰ ਪਹੁੰਚਿਆ। ਹੁਣ ਹਾਕਮ