ਪੰਨਾ:ਸੁੰਦਰੀ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 113

ਨੂੰ ਜਿੰਦ ਬਚਾਉਣੀ ਔਖੀ ਹੋ ਗਈ, ਪਰ ਭਾਗਾਂ ਨੂੰ ਬਾਕੀ ਦੇ ਤੁਰਕ ਬੀ ਉਸਦੀ ਸਹਾਇਤਾ ਨੂੰ ਅੱਪੜ ਪਏ। ਹੁਣ ਤਾਂ ਖਿਚੜੀ ਵਾਂਗੂੰ ਸਿਖ ਤੇ ਤੁਰਕ ਜੁੱਟ ਪਏ। ਬਲਵੰਤ ਸਿੰਘ ਨੇ ਸੋਚਿਆ ਕਿ ਬਾਜ਼ੀ ਗਈ, ਹਾਰਾਂਗੇ ਤਾਂ ਨਹੀਂ, ਪਰ ਸੁੰਦਰੀ ਨਾ ਬਚੀ। ਇਹ ਤਾੜ ਕੇ ਜ਼ੋਰ ਨਾਲ ਖਾਲਸੇ ਨੂੰ ‘ਗੁੱਥਾ’ ਕਹਿ ਕੇ ਅਜਿਹਾ ਪੈਂਤੜਾ ਬਦਲਿਆ ਕਿ ਸਿੰਘ ਲੜਦੇ ਮਾਰਦੇ ਘੁੰਮਣ-ਘੇਰੀ ਵਿਚ ਦੇ ਤੀਲਿਆਂ ਵਾਂਗੂੰ ਕੱਠੇ ਹੁੰਦੇ ਹੁੰਦੇ ਇਕ ਪਿੰਡਾਕਾਰ ਦੀ ਤਰ੍ਹਾਂ ਹੋ ਗਏ। ਹੁਣ ਇਕ ਕਤਾਰ ਅੱਗੇ ਹੋ ਕੇ ਲੜਦੀ ਤੇ ਪਿਛਲੀਆਂ ਪਿੱਛੇ ਕਦਮ ਸੁੱਟਦੀਆਂ ਗਈਆਂ ਕਿ ਬਲਵੰਤ ਸਿੰਘ ਦੇ ਮੂੰਹੋਂ ‘ਹਰਨ' ਸ਼ਬਦ ਨਿਕਲਿਆ। ਫੇਰ ਤਾਂ ਸਿੰਘਾਂ ਦੇ ਘੋੜੇ ਹਵਾ ਵਾਂਗੂੰ ਨੱਠੇ। ਇਸ ਨੱਠ ਵਿਚ ਹਾਕਮ ਦੇ ਲਾਗਿਓਂ ਹੀ ਬਿਜਲਾ ਸਿੰਘ ਤੇ ਸੁੰਦਰੀ ਨੱਸੇ। ਹਾਕਮ ਨੇ ਦਿਲ ਖੋਲ੍ਹਕੇ ਤਲਵਾਰ ਵਗਾਈ। ਬਿਜਲਾ ਸਿੰਘ ਦਾ ਘੋੜਾ ਤਾਂ ਨਿਕਲ ਗਿਆ ਪਰ ਸੁੰਦਰੀ ਨੂੰ ਤਲਵਾਰ ਪੇਟ ਦੇ ਉਤੋਂ ਦੀ ਛੋਹਕੇ ਪੱਟ ਨੂੰ ਲੱਗੀ। ਸੱਟ ਦੇ ਖੜਾਕ ਨੇ ਘੋੜੇ ਨੂੰ ਬਹੁਤ ਨਠਾਇਆ ਅਰ ਸੁੰਦਰੀ ਨਿਕਲ ਕੇ ਭਰਾਵਾਂ ਵਿੱਚ ਪਹੁੰਚ ਗਈ। ਪੀੜ ਨਾਲ ਬੇਤਾਬ ਸੀ, ਪਰ ਡਾਢੇ ਹਨ ਨਾਲ ਇਕ ਹੱਥ ਢਿੱਡ ਪੁਰ ਧਰੀ ਤੇ ਲਗਾਮਾਂ ਸੁੱਟੀ ਵਗੀ ਗਈ। ਲਹੂ ਦੀ ਧਾਰ ਉਤੇ ਬਲਵੰਤ ਸਿੰਘ ਦੀ ਨਜ਼ਰ ਪਈ, ਇਕ ਪਲਾਕੀ ਮਾਰ ਕੇ ਆਪਣੇ ਘੋੜਿਓਂ ਭੈਣ ਦੇ ਘੋੜੇ ਦੇ ਪਿੱਛੇ ਜਾ ਡਟਿਆ ਅਰ ਭੈਣ ਨੂੰ ਸੰਭਾਲ ਕੇ ਘੋੜੇ ਨੂੰ ਅੱਡੀ ਲਾ ਖ਼ਾਲਸੇ ਸਮੇਤ ਬਨ ਵਿਚ ਜਾ ਧਸਿਆ। ਇਧਰ ਬਹਾਦੁਰ ਦਾ ਖਾਲੀ ਘੋੜਾ ਬੀ ਨਾਲ ਹੀ ਦੌੜੀ ਗਿਆ। ਪਿੱਛੋਂ ਹਾਕਮ ਸਾਹਿਬ ਬੀ ਹੱਥ ਮਲਦੇ ਜ਼ਖਮੀ ਸਿਪਾਹੀਆਂ ਸਣੇ ਆਪਣੇ ਸ਼ਹਿਰ ਨੂੰ ਮੁੜੇ।

ਬਨ ਵਿਚ ਅੱਗੇ ਖ਼ਾਲਸੇ ਦੀ ਉਡੀਕ ਹੋ ਰਹੀ ਸੀ। ਜਦ ਇਹ ਪਹੁੰਚੇ ਤਦ ਬੜੇ ਆਨੰਦ ਹੋਏ, ਪਰ ਸੁੰਦਰੀ ਦੇ ਘਾਓ ਦੇਖਕੇ ਜੀਆਂ ਨੂੰ ਖੋਹ ਪਈ। ਸਰਦਾਰ ਸ਼ਾਮ ਸਿੰਘ ਨੇ ਇਕ ਚੰਗੀ ਸਾਏ ਵਾਲੀ ਥਾਏਂ ਘਾਹ ਦੇ ਬਿਸਤਰੇ ਪਰ ਸੁੰਦਰੀ ਨੂੰ ਲਿਟਾਇਆ। ਘਾਵਾਂ ਉਤੇ ਤੇਲ ਪਾ ਕੇ ਪੱਟੀ ਬੰਧੀ। ਪੱਟ ਦਾ ਜ਼ਖਮ ਤਾਂ ਕਾਬੂ ਆ ਗਿਆ ਪਰ ਪੇਟ ਦਾ ਘਾਉ ਭਾਵੇਂ ਆਂਦਰਾਂ ਨੂੰ ਤਾਂ ਨਹੀਂ ਸੀ ਕੱਟ ਗਿਆ, ਪਰੰਤੂ ਲਹੂ ਇੰਨਾ ਜਾਰੀ ਸੀ ਕਿ ਬੰਦ ਨਾ ਹੋਣ ਵਿਚ ਆਵੇ। ਸੁੰਦਰੀ ਹੋਸ਼ ਵਿਚ ਤਾਂ ਸੀ, ਪਰ ਪੀੜ ਕਰਕੇ