ਪੰਨਾ:ਸੁੰਦਰੀ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
114/ ਸੁੰਦਰੀ

ਨਿਰਬਲ ਸੀ। ਉਸ ਵੇਲੇ ਕੁਝ ਸਿੰਘ ਇਕ ਪਿੰਡ ਵਿਚ ਗਏ ਅਰ ਉਥੋਂ ਇਕ ਸਿਆਣੇ ਜੱਰਾਹ ਨਾਈ ਨੂੰ ਬਦੋਬਦੀ ਫੜ ਲਿਆਏ। ਇਸ ਪੁਰਖ ਨੇ ਜ਼ਖਮ ਸੀਤਾ ਤੇ ਬੰਦੋਬਸਤ ਸੁਖ ਦਾ ਕੀਤਾ। ਸੁੰਦਰੀ ਭਾਵੇਂ ਅਤਿ ਦੁਖੀ ਸੀ, ਪਰ ਛੂਟਕਾਰੇ ਦੀ ਖ਼ੁਸ਼ੀ ਕਰਕੇ ਆਨੰਦ ਸੀ। ਰਾਤ ਸੁੰਦਰੀ ਨੂੰ ਤਾਪ ਚੜ ਗਿਆ। ਦਿਨੇ ਕੁਝ ਵੱਲ ਹੋ ਗਈ, ਪਰ ਨਿਢਾਲ ਬਹੁਤ। ਸਿਆਣੇ ਹਕੀਮ ਪਾਸ ਨਾ ਹੋਣ ਕਰਕੇ ਸੁੰਦਰੀ ਦੇ ਘਾਵਾਂ ਦੀ ਗਹੁ ਨਾ ਹੋ ਸਕੀ, ਉਹਨਾਂ ਵਿਚ ਵਿਹੁ ਉਤਪਤ ਹੋ ਗਈ, ਦਿਨੋਂ ਦਿਨ ਤਾਕਤ ਘਟਦੀ ਵੇਖਕੇ ਸੁੰਦਰੀ ਜੀ ਵਿਚ ਲਿਖਣ ਲੱਗੀ ਕਿ ਹੁਣ ਅੰਤ ਨੇੜੇ ਹੋਉ। ਇਸਦੀ ਨਤਾਕਤੀ ਵਲੋਂ ਨਿਕਟਵਰਤੀਆਂ ਦੇ ਕਲੇਜੇ ਕੰਬਣ ਲੱਗੇ। ਇਸ ਨਿਰਾਸਤਾ ਵਿਚ ਬਿਜਲਾ ਸਿੰਘ ਜੀ ਦੀ ਦਨਾਈ ਨਾਲ ਓਹ ਹਕੀਮ ਸਾਹਿਬ ਫੜਕੇ ਆਂਦੇ ਗਏ ਕਿ ਜਿਨ੍ਹਾਂ ਨਵਾਬ ਦੇ ਮਹਿਲਾਂ ਵਿਚ ਸੁੰਦਰੀ ਦੇ ਘਾਉ ਸੀਤੇ ਸਨ। ਇਨ੍ਹਾਂ ਵਗਾਰੀ ਫੜਿਆਂ ਨੇ ਕੀ ਦਰਦ ਕਰਨਾ ਸੀ, ਪਰ ਫੇਰ ਬੀ ਜਿੰਦ ਦੇ ਡਰ ਪਿੱਛੇ ਆਪਣੀ ਵਲੋਂ ਬਥੇਰੀ ਵਾਹ ਲਾ ਥਕੇ। ਸੁੰਦਰੀ ਦਾ ਚਿਹਰਾ ਇੱਡੇ ਦੁਖ ਵਿਚ ਵੀ ਖ਼ੁਸ਼ ਸੀ, ਹਰ ਵੇਲੇ ਖਿੜੀ ਹੋਈ ਜਾਪਦੀ। ਪੀੜ ਹੁੰਦੀ, ਪਰ ਹਾਏ ਨਾ ਕਰਦੀ, ਤਪ ਚੜ੍ਹਦਾ, ਪਰ ਬਿਸਬਰੀ ਨਾ ਹੁੰਦੀ। ਇਸ ਦੇ ਚਿਹਰੇ ਵਿਚ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤਿ ਸੀ, ਉਸ ਤ ਦੇ ਕਾਰਨ ਉਹ ਜਾਣਦੀ ਸੀ, ਸਗੋਂ ਉਸ ਲਈ ਇਹ ਪ੍ਰਗਟ ਨਿਸਚਾ ਸੀ ਕਿ ਮੈਂ ਗੁਰੂ ਦੀ ਹਾਂ, ਗੁਰੂ ਅੰਗ ਸੰਗ ਹਨ ਅਰ ਕਿਸੇ ਵੇਲੇ ਵੱਖ ਨਹੀਂ। ਜੀਉਣਾ, ਮੌਤ ਦੋ ਦਸ਼ਾਂ ਹਨ, ਕੋਈ ਦੋ ਵਸਤਾਂ ਨਹੀਂ। ਦੋਹਾਂ ਹਾਲਤਾਂ ਵਿਚ ਜਦ ਪ੍ਰੀਤ ਹੈ ਤਦ ਦੁੱਖ ਕਿੱਥੇ ? ਸਰੀਰ ਨੂੰ ਸਰੀਰ ਰਹੇ ਤੇ ਨਾਮ ਜਪੇ ਤਾਂ ਹਰਿਮੰਦਰ ਸਮਝਦੀ ਸੀ, ਪਰ ਜਦ ਤਯਾਰਾਣਾ ਪਵੇ ਤਾਂ ਇਸਨੂੰ ਖੱਲੜਾ ਜਾਣਦੀ ਸੀ ਅਰ ਇਸ ਦੇ ਤਿਆਗ ਜਾਂ ਗਰਹਿਣ ਤੋਂ ਦੁਖੀ ਸੁਖੀ ਨਹੀਂ ਸੀ ਹੁੰਦੀ ਕਿਉਂਕਿ ਉਸਦਾ ਵਿਸ਼ਵਾਸ਼ ਇਹ ਸੀ:

“ਜੋਬਨ ਜਾਂਦੇ ਨਾ ਡਰਾਂ ਜੋ ਸਹ ਪ੍ਰੀਤਿ ਨ ਜਾਇ॥
ਫਰੀਦਾ ਕਿੜੀ ਜੋਬਨ ਪ੍ਰੀਤ ਬਿਨੁ ਸੁਕਿ ਰਾਏ ਕੁਮਲਾਇ॥੩੪॥

—————

  • ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ॥