ਪੰਨਾ:ਸੁੰਦਰੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 115

ਸੁੰਦਰੀ ਦੀ ਨਤਾਕਤੀ ਪੈਰੋ-ਪੈਰ ਵਧਦੀ ਗਈ ਅਰ ਉਸ ਦੇ ਹਿਤੈਸ਼ੀਆਂ ਨੂੰ ਨਿਰਾਸਤਾ ਜਿਹੀ ਹੋਣ ਲੱਗ ਪਈ। ਇਕ ਦਿਨ ਬਲਵੰਤ ਸਿੰਘ ਨੇ ਕਿਹਾ ਭੈਣ ਜੀ! ਕੋਈ ਵਾਸ਼ਨਾ ਹੋਵੇ ਤਾਂ ਦੱਸੋ?

ਸੁੰਦਰੀ ਬੋਲੀ: ਤੈਥੋਂ ਵਾਰੀ ਮੇਰੇ ਵੀਰ! ਮੇਰੀ ਵਾਸ਼ਨਾ ਕੋਈ ਬਾਕੀ ਨਹੀਂ, ਕਿਉਂਕਿ ਨਾ ਇਹ ਮਨ ਰਸਾਂ ਵਿਚ ਪਿਆ ਨਾ ਤ੍ਰਿਸ਼ਨਾ ਆਈ, ਜਦ ਤ੍ਰਿਸ਼ਨਾ ਦੂਰ ਰਹੀ ਤਦ ਵਾਸ਼ਨਾ ਕਿੱਥੇ ? ਅਰ ਵਾਸ਼ਨਾ ਰਹੇ ਬੀ ਕਿਸਦੀ? ਗ੍ਰਿਸਤ ਦੀ ਖੁੱਭਣ ਤੋਂ ਗੁਰੂ ਨੇ ਬਚਾਈ ਰੱਖਿਆ ਹੈ, ਧਨ ਤੋਂ ਜੀਉ ਉਪਾਮ ਹੈ, ਬਿਨਾਂ ਗੁਰੂ ਦੇ ਕਿਸੇ ਨਾਲ ਮੋਹ ਨਹੀਂ ਫੁਰਦਾ ਤੇ ਉਹ ਆਨੰਦ ਦਾਤਾ ਅੰਦਰ ਬੈਠਾ ਹੈ, ਮਨ ਉਸ ਦੇ ਚਰਨਾਂ ਦੀ ਧੂੜ ਵਿਚ ਅਜਿਹਾ ਮਸਤ ਹੈ ਕਿ ਉਸ ਰਸ ਨੂੰ ਛਡਦਾ ਨਹੀਂ ਸੋ ਵੀਰ ਜੀ! ਜਦ ਆਪਣੀ ਮੁਰਾਦ ਆਪਣੀ ਬੁੱਕਲ ਵਿਚ ਹੋਵੇ ਤਦ ਮਨ ਕਿੱਧਰ ਜਾਵੇ ਤੇ ਵਾਸ਼ਨਾ ਕਾਹਦੀ ਫੁਰੇ?

ਮਨ ਅਸਵਾਰ ਪਵਨ ਕਾ ਘੋੜਾ, ਅਸਾਂ ਗਗਨ ਤਮਾਸੇ ਜਾਣਾ।
ਗਗਨ ਅੰਦਰ ਇਕ ਬਾਗ਼ ਅਜਾਇਬ ਚੁਣ ਅੰਮ੍ਰਿਤ ਫਲ ਖਾਣਾ।
ਮਿੱਠਾ ਬੋਲਣ ਤੇ ਨਾਮ ਅਧਣ, ਸੀਤਲ, ਪਵਨ ਫੁਹਾਰਾ,
ਮਨ ਦੀਆਂ ਵਾਗਾਂ ਹੱਥ ‘ਬਿਹਾਰੀ’ ਤਿਨ੍ਹਾਂ ਕੌਣ ਮਿਲੇ ਅਸਵਾਰਾ!
(ਸਰਬ ਲੋਹ’ ਜੰਗਲ ਲੱਖੀ)

ਹਾਂ, ਵੀਰ ਜੀ! ਇਕ ਸੰਕਲਪ ਕਿਸੇ ਵੇਲੇ ਫੁਰਦਾ ਹੈ ਉਹ ਇਹ ਹੈ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਤੇ ਇਕ-ਰਸ ਸਾਰਾ ਪਾਨ ਸੁਣਾਂ ਤੇ ਇਸ ਨਿਰਬਲ ਦੇਹੀ ਨਾਲ ਰੱਜ ਕੇ ਮੱਥਾ ਟੇਕਾਂ, ਪਰ ਇਹ ਗੱਲ ਔਖੀ ਦਿੱਸਦੀ ਹੈ, ਇਸ ਕਰਕੇ ਸੰਕਲਪ ਦਾ ਤਿਆਗ ਕੀਤਾ ਹੈ।

ਬਲਵੰਤ ਸਿੰਘ ਭੈਣ ਜੀ! ਆਪ ਫਿਕਰ ਨਾ ਕਰੋ, ਇਹ ਗਲ ਔਖੀ ਨਹੀਂ ਹੈ, ਇਸ ਦਾ ਬਾਨਣੂ ਝਬਦੇ ਹੀ ਬੱਝ ਜਾਏਗਾ।

ਸੁੰਦਰੀ ਬੋਲੀ (ਅੱਖਾਂ ਵਿਚ ਅੱਥਰੂ ਆ ਗਏ)- ਵੀਰ ਜੀ! ਮੈਂ ਵੱਡੀ ਔਗਣਿਹਾਰੀ ਹਾਂ, ਮੇਰੇ ਪਿੱਛੇ ਤੁਹਾਨੂੰ ਅਰ ਸਾਰੇ ਸਿੰਘਾਂ ਨੂੰ ਵਡੇ ਕਸ਼ਟ