ਝੱਲਣੇ ਪਏ ਹਨ।ਮੇਰੀ ਮੁਰਾਦ ਇਹ ਸੀ ਕਿ ਮੈਂ ਭਰਾਵਾਂ ਨੂੰ ਸੁਖ ਦਿੰਦੀ, ਉਲਟਾ ਸਗੋਂ ਮੈਂ ਦੁੱਖਾਂ ਦਾ ਕਾਰਨ ਹੁੰਦੀ ਰਹੀ ਹਾਂ। ਮੈਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੀ ਮੂੰਹ ਦਿਆਂਗੀ ਕਿ ਅੰਮ੍ਰਿਤ ਛਕ ਕੇ ਮੈਂ ਕਿੰਨੀ ਕੁ ਪੰਥ ਦੀ ਸੇਵਾ ਕੀਤੀ ਹੈ? ਕਲਗੀਵਾਲਾ ਸੁੰਦਰ ਚਿਹਰਾ ਜਦ ਪੁੱਛੇਗਾ ਪੁਤ੍ਰੀ! ਕੀ ਭਲਾ ਕਰਕੇ ਆਈ ਹੈਂ? ਉਸ ਵੇਲੇ ਮੇਰਾ ਸ਼ਰਮਿੰਦਾ ਮਨ ਕੀ ਉਤ੍ਰ ਦੇਵੇਗਾ? ਮਾਤਾ ਸਾਹਿਬ ਦੇਵਾਂ ਜੀ ਦੀ ਪਵਿੱਤ੍ਰ ਗੋਦ ਵਿਚ ਬੈਠਣੋਂ ਇਹ ਮਨ ਲਾਜ ਖਾਏਗਾ, ਜਦ ਮਾਤਾ ਜੀ ਪ੍ਰੇਮ-ਮਈ ਝਿੜਕ ਨਾਲ 'ਕੁਚੱਜੀ ਧੀ' ਕਰਕੇ ਸੱਦਣਗੇ।
ਸੁੰਦਰੀ ਦੇ ਇਹ ਦਿਲ ਕੰਬਾ ਦੇਣ ਵਾਲੇ ਨਿੰਮ੍ਰਤਾ ਦੇ ਵਾਕ ਸੁਣ ਕੇ ਸਭ ਦੇ ਨੇਤ੍ਰ ਪ੍ਰੇਮ-ਮਈ ਜਲ ਨਾਲ ਭਰ ਗਏ। ਸਰਦਾਰ ਸ਼ਾਮ ਸਿੰਘ ਨੇ ਪਿਆਰ ਦੇ ਕੇ ਕਿਹਾ:- ਪੁਤ੍ਰੀ! ਤੂੰ ਇਸਤ੍ਰੀ ਨਹੀਂ, ਦੇਵੀ ਹੈਂ, ਤੇਰੇ ਵਰਗੀਆਂ ਧਰਮੀ ਇਸਤ੍ਰੀਆਂ ਦੇ ਸਤ ਪਿੱਛੇ ਹੀ ਪੰਥ ਹੈ। ਤੂੰ ਜੇਹਾ ਅੰਮ੍ਰਿਤ ਸਫਲ ਕੀਤਾ ਹੈ ਤੇਹਾ ਹਰੇਕ ਇਸਤ੍ਰੀ ਪੁਰਖ ਕਰੇ। ਤੂੰ ਆਪਣੇ ਪਿਤਾ ਪਾਸ ਬੜੀ ਸੁਰਖ਼ਰੂ ਹੋ ਕੇ ਚੱਲੀ ਹੈਂ। ਮਾਤਾ ਸਾਹਿਬ ਦੇਵਾਂ ਤੇਰੇ ਵਰਗੀ ਪੁਤ੍ਰੀ ਲਈ ਗਦਗਦ ਹਨ, ਧੰਨ ਹੈਂ ਤੂੰ। ਧੰਨ ਤੇਰਾ ਜਨਮ ਹੈ। ਪੰਥ ਵਿਚ ਤੇਰੀ ਸੇਵਾ ਦੀ ਕਦਰ ਹੈ ਅਰ ਸਾਰੇ ਤੇਰੇ ਲਈ ਖੁਸ਼ੀ ਦੇ ਅਰਦਾਸੇ ਕਰਦੇ ਹਨ।
ਸੁੰਦਰੀ— ਪਿਤਾ ਜੀ! ਜੋ ਮੈਨੂੰ ਕਰਨਾ ਯੋਗ ਸੀ, ਸੋ ਮੈਂ ਨਹੀਂ ਕੀਤਾ।
ਇਹ ਕਹਿਕੇ ਫਿਰ ਰੋ ਪਈ ਅਰ ਬੇਹੋਸ਼ ਹੋ ਗਈ। ਪਾਣੀ ਦੇ ਛੱਟੇ ਮਾਰਕੇ ਸੁੰਦਰੀ ਨੂੰ ਹੋਸ਼ ਵਿਚ ਆਂਦਾ ਅਰ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਲੈਣ ਚਲੇ ਗਏ।
ਸਵੇਰ ਸਾਰ ਹੀ ਗੁਰੂ ਬਾਬਾ ਜੀ ਆ ਗਏ। ਉਸ ਵੇਲੇ ਦਸ ਬਾਰਾਂ ਸਿੰਘਾਂ ਨੇ ਕੇਸਾਂ ਸਣੇ ਇਸ਼ਨਾਨ ਕੀਤਾ, ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਆਰੰਭ ਦਿੱਤਾ। ਸੁੰਦਰੀ ਪਾਸ ਲੇਟੀ ਪਈ ਪਾਠ ਸੁਣਦੀ ਰਹਿੰਦੀ, ਕਿੰਨਾ ਕਿੰਨਾ ਚਿਰ ਆਸਰੇ ਸਿਰ ਬੈਠਦੀ ਥੱਕ ਜਾਂਦੀ ਤਾਂ ਲੇਟ ਜਾਂਦੀ ਤਦ ਬੀ ਮਨ ਨਾ ਥੱਕਦਾ, ਦਿਲ ਨਾ ਅੱਕਦਾ, ਸਗੋਂ ਇਹ ਦਸ਼ਾ ਹੋ ਰਹੀ ਸੀ ਜੋ ਮੀਂਹ ਵਰਸੇ ਪਰ ਧਰਤੀ ਦੀ ਹੁੰਦੀ ਹੈ। ਸੁੰਦਰੀ ਦਾ ਲੂੰ ਲੂੰ ਨਾਮ ਵਿਚ ਰੱਤਾ ਹੋਇਆ ਸੀ ਤੇ ਆਨੰਦ ਦੇ ਸਮੁੰਦਰ ਵਿਚ ਇਸ਼ਨਾਨ ਕਰ