ਪੰਨਾ:ਸੁੰਦਰੀ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 117

ਰਹੀ ਸੀ। ਸੋਲਾਂ ਪਹਿਰਾਂ ਮਗਰੋਂ ਪਾਠ ਤਿਆਰ ਹੋਇਆ ਸਭ ਖਾਲਸੇ ਦਾ ਦੀਵਾਨ ਆ ਲੱਗਾ, ਪਹਿਲੇ ਸਭ ਨੇ ਰਲਕੇ ਸ਼ਬਦ ਗਾਵੇਂ, ਫੇਰ ਭੋਗ ਪਾਇਆ, ਆਨੰਦ ਪੜ੍ਹਿਆ, ਆਰਤੀ ਉਚਾਰੀ ਪ੍ਰਸ਼ਾਦ ਵਰਤਿਆ, ਸੁੰਦਰੀ ਨੇ ਵਡੇ ਪ੍ਰੇਮ ਨਾਲ ਕੁਣਕਾ ਛਕਿਆ ਅਰ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਇਉਂ ਕਹਿਣ ਲੱਗੀ:

"ਮੇਰਿਓ ਵੀਰੋ! ਮੇਰੀਓ ਭੈਣੋਂ! ਇਕ ਬੇਨਤੀ ਤੁਹਾਡੀ ਪ੍ਰਾਹੁਣੀ ਭੈਣ ਕਰਦੀ ਹੈ, ਵਿਛੋੜਾ ਭਾਵੇਂ ਦੁਖਦਾਈ ਹੁੰਦਾ ਹੈ, ਪਰ ਮੈਂ ਇਸ ਕਰਕੇ ਦੁਖੀ ਨਹੀਂ, ਕਿਉਂਕਿ ਸਾਡਾ ਆਤਮਾ ਦਾ ਮੇਲ ਕਦੇ ਨਹੀਂ ਟੁੱਟਣ ਲੱਗਾ, ਅਸੀਂ ਸਾਰੇ ਬੈਕੁੰਠੀ ਜੀਵ ਹਾਂ ਅਰ ਬੈਕੁੰਠ ਭੀ ਸਾਧ ਸੰਗਤ ਦਾ ਹੈ, ਪਰ ਮੈਂ ਇਹ ਆਖੇ ਬਿਨਾ ਨਹੀਂ ਰਹਿ ਸਕਦੀ ਕਿ ਉਸ ਹਾਕਮ ਦੀ ਮੈਂ ਰਿਣੀ ਹਾਂ, ਮੇਰੀ ਮਾਂਦਗੀ ਪਰ ਉਸਨੇ ਰੂਪੱਯਾ ਖ਼ਰਚ ਕੀਤਾ ਹੈ, ਤੁਸਾਂ ਕੁਝ ਰੁਪੱਯਾ ਉਸਨੂੰ ਪੁਚਾ ਦੇਣਾ, ਮੈਂ ਰਿਣੀ ਨਾ ਰਹਾਂ। ਸ਼ਾਮ ਸਿੰਘ ਨੇ ਕਿਹਾ “ਬਹੁਤ ਹੱਛਾ! ਕੁਝ ਫ਼ਿਕਰ ਨਾ ਕਰੋ, ਸਿਰ ਦੇ ਜ਼ੋਰ ਪੁਚਾਵਾਂਗੇ, ਤੁਸੀਂ ਸੰਕਲਪ ਨਾ ਰੱਖੋ।"

ਸੁੰਦਰੀ— ਪਯਾਰੇ ਵੀਰ! ਗੁਰੂ ਤੁਹਾਡਾ ਰਾਖਾ ਹੈ, ਤੁਹਾਨੂੰ ਕਈ ਭੀੜਾਂ ਪੈਣਗੀਆਂ, ਸੰਗ੍ਰਾਮ ਆਉਣਗੇ, ਪਰ ਤੁਸੀਂ ਸਭ ਤੋਂ ਪਾਰ ਹੋਕੇ ਰਾਜ ਭੋਗੋਗੇ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਆਪਣੀਆਂ ਇਸਤ੍ਰੀਆਂ ਨੂੰ ਸਾਥੀ ਜਾਣਿਓ ਤੇ ਨੀਚ ਨਾ ਬਣਾਇਓ। ਜਦ ਉਹਨਾਂ ਨੂੰ ਨੀਚ ਜਾਣੋਗੇ, ਉਹਨਾਂ ਪਰ ਬੇਤਰਸ ਕਰੜਾਈ ਕਰੋਗੇ ਅਰ ਜਦ ਪਰ ਨਾਰੀਆਂ ਨੂੰ ਮੰਦੀ ਦ੍ਰਿਸ਼ਟੀ ਨਾਲ ਦੇਖੋਗੇ ਤਦ ਹੀ ਆਪਣੇ ਤੇਜ ਪ੍ਰਤਾਪ ਦਾ ਗਿਰਾਉ ਜਾਣਿਓ। ਸ਼ਾਸਤ੍ਰਾਂ ਵਿਚ ਇਸਤ੍ਰੀ ਸ਼ੂਦਰ ਲਿਖੀ ਹੈ, ਸਾਡੇ ਦਸਾਂ ਹੀ ਗੁਰਾਂ ਨੇ ਸਲਾਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਪਮਾ ਲਿਖੀ ਹੈ ਤੇ ਨਾਮ ਬਾਣੀ ਦਾ ਅਧਿਕਾਰ ਇਸਤ੍ਰੀ ਨੂੰ ਪੂਰਾ ਦਿੱਤਾ ਹੈ। ਤਿਵੇਂ ਦਸਵੇਂ ਗੁਰੂ ਜੀ ਨੇ ਅੰਮ੍ਰਿਤ ਵਿਚ ਪਤਾਸੇ ਪਵਾਏ ਹਨ ਅਰ ਹੁਣ ਠੀਕ ਤੁਸਾਂ ਅਸਾਂ ਤੇ ਦਇਆ ਕਰਦੇ ਹੋ ਜਾਨਾਂ ਹੂਲ ਕੇ ਰਾਖੀਆਂ ਕਰਦੇ ਹੋ ਤੇ ਸਤਿਕਾਰ ਦੇਂਦੇ ਹੋ, ਤਦੇ ਹੀ ਅਸੀਂ ਐਡੇ ਅਪਦਾ ਕਾਲ ਵਿਚ ਅਰ ਵੈਰੀਆਂ ਦੇ ਸਮੁੰਦਰ ਵਿਚ ਘਿਰੇ ਹੋਏ ਭੀ ਸਹੀ ਸਲਾਮਤ ਰੱਜ ਰਹੇ ਹਾਂ।