ਪੰਨਾ:ਸੁੰਦਰੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
118 / ਸੁੰਦਰੀ

(ਧਰਮ ਕੌਰ ਆਦਿ ਵੱਲ ਤੱਕ ਕੇ) ਹੇ ਭੈਣੋਂ! ਤੁਸੀਂ ਬੀ ਜਦ ਤੱਕ ਸ਼ੁੱਧ ਸਿੰਘਣੀਆਂ ਹੋ, ਤਦ ਤੀਕ ਪੰਥ ਤਕੜਾ ਹੈ, ਜਦ ਪਤੀ ਸਿੰਘ ਤੇ ਤੁਸੀਂ ਕੁਝ ਹੋਰ ਹੋਈਆਂ, ਤਦੋਂ ਹੀ ਤੁਹਾਡੀ ਗਤੀ ਮਾੜੀ ਹੋ ਜਾਏਗੀ। ਤੀਵੀਂ ਉਲਾਦ ਦੀ ਪਿਆਰੀ ਹੈ, ਉਲਾਦ ਪਿੱਛੇ ਗੁਰੂ ਪੀਰ ਕਿਸੇ ਦੀ ਪਰਵਾਹ ਨਹੀਂ ਕਰਦੀ। ਬੱਸ, ਤੁਸਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ ਤੇ ਨੇਮ ਧਾਰੇ, ਤਦੋਂ ਹੀ ਸ਼ੂਦਰਾਂ ਵਾਂਝੇ ਹੋ ਜਾਓਗੀਆਂ। ਤੁਹਾਡੀ ਸੰਤਾਨ ਬੀ ਗਿੱਦੜ ਹੋ ਜਾਏਗੀ, ਦੁਰਕਾਰ ਤੁਹਾਡੇ ਹਿੱਸੇ ਆਵੇਗੀ ਅਰ ਸਤਿਕਾਰ ਉੱਡ ਜਾਵੇਗਾ। ਮਾਯਾ ਦੇ ਚਮਤਕਾਰਾਂ ਵਿਚ ਨਾ ਫਸਣਾ ਇਹ ਥੋੜੇ ਦਿਨਾਂ ਦੇ ਹਨ। ਸਦਾ ਰਹਿਣ ਵਾਲੇ ਆਪਣੇ ਆਤਮਾ ਦੀ ਭਲਿਆਈ ਵੱਲ ਵਧੇਰੇ ਖਿਆਲ ਰੱਖਣਾ।

ਮੇਰੇ ਵੀਰੋ! ਮੇਰੀ ਬੇਨਤੀ ਨਾ ਭੁੱਲਣੀ, ਤੀਵੀਂ ਦਾ ਸਤਿਕਾਰ ਤੇ ਪੰਥ ਵਿਚ ਪਵਿੱਤਰਤਾ ਤੇ ਪਵਿੱਤ੍ਰ ਦ੍ਰਿਸ਼ਟੀ ਅਜਿਹੀ ਰਖਣੀ ਕਿ ਜੇਹੀ ਤੁਸਾਂ ਮੇਰੇ ਨਾਲ ਵਰਤਣ ਵਰਤੀ ਹੈ। ਭਰਾਵੋ, ਜਦ ਤੁਸੀਂ ਰਾਜੇ ਸਰਦਾਰ ਹੋਵੋਗੇ, ਕਿਸੇ ਸਿੰਘ ਨੂੰ ਛੋਟਾ ਨਾ ਜਾਣਨਾ, ਸਾਡੇ ਵਿਖੇ ਧਨ ਪ੍ਰਧਾਨ ਨਹੀਂ, ਕਰਨੀ ਪ੍ਰਧਾਨ ਹੈ। ਹੱਛਾ! ਥੋੜਾ ਜਲ ਲਿਆਓ, ਮੈਂ ਮੂੰਹ ਹੱਥ ਧੋਂਦੀ ਹਾਂ।

ਇਸ ਵੇਲੇ ਸੁੰਦਰੀ ਦਾ ਚਿਹਰਾ ਚੰਦ ਵਾਂਙ ਚਮਕ ਰਿਹਾ ਸੀ ਇਕ ਤਰ੍ਹਾਂ ਦਾ ਤੇਜ ਸੂਰਜ ਦੀਆਂ ਕਿਰਨਾਂ ਵਾਂਗੂੰ ਉਸ ਦੇ ਰੂਪ ਦੇ ਦੁਆਲੇ ਭਾਸਦਾ ਸੀ, ਸੱਭੇ ਹਰਿਆਨ ਸਨ ਕਿ ਇਸ ਕਮਜ਼ੋਰੀ ਵਿਚ ਬਲ ਕਿਥੋਂ ਆ ਗਿਆ? ਹਿਰਦੇ ਵਿਜੋਗ ਸਿਰੇ ਤੇ ਪਹੁੰਚਾ ਵੇਖ ਕੇ ਵਿਚੋਂ ਵਿਚ ਹਿਲਦੇ ਸਨ ਪਰ ਭਾਣੇ ਵੱਲ ਰੁਖ ਕਰ ਰਹੇ ਸਨ। ਧਰਮ ਕੌਰ ਤਾਂ ਭੈਣ ਦੇ ਵਿਛੋੜੇ ਨੂੰ ਵੇਖਕੇ ਅੰਦਰੋਂ-ਅੰਦਰ ਘੇਰੀਆਂ ਖਾ ਰਹੀ ਸੀ। ਦੀਵਾਨ ਵਿਚ ਭੀ ਇਕ ਵੈਰਾਗ ਦਾ ਪ੍ਰਭਾਉ ਛਾ ਰਿਹਾ ਸੀ।

ਜਲ ਆਇਆ ਸੁੰਦਰੀ ਨੇ ਮੂੰਹ ਹੱਥ ਧੋਤਾ। ਧਰਮ ਕੌਰ ਦੇ ਆਸਰੇ ਢੋ ਲਾਕੇ ਵਡੇ ਪ੍ਰੇਮ ਨਾਲ ਜਪੁਜੀ ਦਾ ਪਾਠ ਕੀਤਾ ਅਰ ਭੋਗ ਪਾ ਕੇ ਅਰਦਾਸਾ ਸੋਧਿਆ, ਆਪਣੇ ਪਾਪਾਂ ਦੀ ਭੁੱਲ ਬਖਸ਼ਾਈ ਤੇ ਹਿੰਮਤ ਨਾਲ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਇਹ ਤੁੱਕਾਂ ਪੜ੍ਹੀਆਂ