ਪੰਨਾ:ਸੁੰਦਰੀ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 119

ਮੇਲਿ ਲੇਹੁ ਦਇਆਲ ਢਹਿ ਪਏ ਦੁਆਰਿਆ॥
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ॥
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ॥
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ॥
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ॥੧੬॥(ਜੈਤਸਰੀ ਵਾਰ ਮ:੫)

ਸੁੰਦਰੀ ਦਾ ਮੱਥਾ ਧਰਤੀ ਤੋਂ ਨਾ ਚੁੱਕਿਆ ਗਿਆ, ਕਿੰਨਾ ਚਿਰ ਲੰਘ ਗਿਆ। ਜਦ ਘਬਰਾ ਕੇ ਬਲਵੰਤ ਸਿੰਘ ਨੇ ਸਿਰ ਚੁੱਕਿਆ ਤਾਂ ਕੀ ਡਿੱਠਾ, ਸੁੰਦਰੀ ਤੁਰ ਗਈ, ਸੁੰਦਰੀ ਪਿਤਾ ਪਾਸ ਚਲੀ ਗਈ, ਹਾਂ। ਸਤਵੰਤੀ ਦਾ ਖਾਲੀ ਪਿੰਜਰਾ ਪਿਆ ਹੈ।

ਉਸ ਵੇਲੇ ਸ਼ਬਦ ਗਾਉਂਦੇ ਭਜਨ ਕਰਦੇ ਖਾਲਸੇ ਨੇ ਮਾਤਾ ਸਾਹਿਬ ਦੇਵਾਂ ਦੀ ਪਿਆਰੀ ਸੁੰਦਰ ਕੌਰ ਦਾ ਸਰੀਰ ਅਗਨੀ ਦੇ ਹਵਾਲੇ ਕੀਤਾ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਦਸਵੇਂ ਦਿਨ ਭੋਗ ਪਾਇਆ।

ਇਸਦੇ ਚਲਾਣੇ ਦਾ ਵੈਰਾਗ ਬਾਰੇ ਪੰਥ ਵਿਖੇ ਹੋਇਆ, ਪਰ ਧਰਮ ਕੌਰ ਆਪਣੀ ਪਿਆਰੀ ਰੱਖਕ ਦਾ ਵਿਛੋੜਾ ਨਾ ਸਹਾਰ ਸਕੀ, ਦਿਨੋ ਦਿਨ ਲਿੱਸੀ ਹੁੰਦੀ ਗਈ ਤੇ ਕੋਈ ਯਾਰੀਂ ਦਿਨੀਂ ਪੂਰੇ ਸਿਦਕ ਵਿਚ ਚਲਾਣਾ ਕਰ ਗਈ। ਬਲਵੰਤ ਸਿੰਘ ਭਾਵੇਂ ਵੈਰਾਗ ਵਿਚ ਨਿਵ੍ਰਿਤ ਹੋ ਕੇ ਏਕਾਂਤ ਭਜਨ ਕਰਨਾ ਚਾਹੁੰਦਾ ਸੀ, ਪਰ ਸਿੰਘਾਂ ਨੇ ਉਸ ਨੂੰ ਨਾ ਜਾਣ ਦਿੱਤਾ ਕਿ ਵਿਹਾਰ ਪਰਮਾਰਥ ਦੋਵੇਂ ਨਿਬਾਹੁਣੇ ਚਾਹੀਦੇ ਹਨ, ਅੰਦਰ ਦਾ ਤਯਾਗ ਕਰਨਾ ਹੈ, ਨਾਮ ਨਾਲ ਲਿਵ ਰੱਖਣੀ ਹੈ, ਕ੍ਰਿਯਾ ਵਿਚ ਵਸਦਿਆਂ ਤੇ ਕੰਮ ਕਰਦਿਆਂ ਨਿਰਲੇਪ ਰਹਿਣਾ ਹੈ। ਉਧਰੋਂ ਦੁੱਰਾਨੀ ਦੇ ਫੇਰ ਚੜ੍ਹ ਆਉਣ ਦੀਆਂ ਸੂੰਹਾਂ ਮਿਲ ਰਹੀਆਂ ਸਨ, ਇਸ ਕਰਕੇ ਬਲਵੰਤ ਸਿੰਘ ਕਰਮ ਕਰਤ ਹੋਵੈ ਨਿਹਕਰਮ' ਦੇ ਹੁਕਮ ਮੂਜਬ ਪੰਥ ਸੇਵਾ ਪਰ ਤਤਪਰ ਹੀ ਰਿਹਾ।