ਪੰਨਾ:ਸੁੰਦਰੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 123

ਦੀ ਭਗਤੀ ਤੇ ਜਗਤ ਦੇ ਵਿਹਾਰ ਦੋਹਾਂ ਨੂੰ ਨਿਬਾਹੁਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ ਅਰ ਸਿਖਾਂ ਨੂੰ ਆਪਣੇ ਉਤੱਮ ਅਸੂਲ ਪਿਆਰੇ ਲਗਣ, ਆਪਣੇ ਵਿਚ ਜਥੇਬੰਦ ਹੋ ਕੇ ਸਿੰਘ ਦੂਜੀਆਂ ਕੌਮਾਂ ਨੂੰ ਇਕ-ਰਸ ਜਾਣ ਕੇ ਕਿਸੇ ਨਾਲ ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ, ਸਗੋਂ 'ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ' (ਪਾ-੧੦) ਵਾਲੀ ਗੁਰੂ ਸਿਖਯਾ ਪੁਰ ਟੁਰ ਕੇ ਅਟੱਲ ਰਹਿਣ।

ਸੁੰਦਰੀ ਛਿਪੀ ਨੂੰ ਅੱਜ (੧੯੩੩ ਈ: ਵਿਚ ੩੫ ਕੁ ਬਰਸ ਹੋ ਗਏ ਹਨ , ਉਸ ਸਮੇਂ ਦਾ ਹਾਲ, ਜਦੋਂ ਲਿਖੀ ਗਈ ਸੀ, ਇਸ ਵੇਲੇ ਸਾਡੀਆਂ ਅੱਖਾਂ ਅੱਗੇ ਨਹੀਂ ਹਨ ਤੇ ਉਸ ਤੋਂ ਬੀ ਪੰਝੀ ਕੁ ਵਰੇ ਪਹਿਲਾਂ ਸਿੱਖਾਂ ਦੀ ਹਾਲਤ ਬਹੁਤ ਦਰਦਨਾਕ ਸੀ, ਜਿਸ ਨੂੰ ਵੇਖ ਕੇ ਸਿੰਘ ਸਭਾ ਮੂਵਮੈਂਟ ਟੁਰੀ ਸੀ। ਇਸ ਸਮੇਂ ਪਰ ਇਕ ਸਰਸਰੀ ਨਜ਼ਰ ਪਾਇਆਂ ਸਾਨੂੰ ਪਤਾ ਲਗੇਗਾ ਕਿ ਇਹ ਪੋਥੀ ਕਿਸ ਸਮੇਂ ਲਿਖੀ ਗਈ ਤੇ ਇਸ ਦਾ ਕੀ ਫਲ ਹੋਇਆ।

ਅਚਾਨਕ ਰਾਜ ਗੁਆਚਣ ਦੀ ਸੱਟ ਖਾ ਕੇ ਸਿੱਖ ਅਸਚਰਜ਼ ਦਸ਼ਾ ਵਿਚ ਜਾ ਪਏ। ਤੇਜ ਘਟ ਗਿਆ ਸੀ, ਤੇ ਅਨਮਤੀ ਪ੍ਰਭਾਵ ਪੂਰਾ ਛਾ ਗਿਆ ਸੀ, ਗੁਰਪੁਰਬ ਮਾਨੋਂ ਨਾ ਹੋਇਆਂ ਭੁੱਲ ਸਨ, ਗੁਰ ਮਰਿਯਾਦਾ ਮਾਨੋਂ ਲੋਪ ਸੀ, ਜਥੇਬੰਦੀ ਅਣਹੋਂਦ ਵਰਗੀ ਢਿੱਲੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਮਗਰਲੇ ਸਮੇਂ ਦਰਬਾਰ ਵਿਚ ਅਨਮਤੀ ਜ਼ੋਰ ਵਧ ਜਾਣ ਕਰਕੇ ਸਿੱਖੀ ਵਿਚ ਰਲੇ ਪੈ ਗਏ ਸਨ। ਰਾਜ ਜਾਣ ਦੇ ਮਗਰੋਂ ਇਹ ਹਾਲ ਸੀ ਕਿ ਸਾਡੇ ਮੰਦਰਾਂ ਵਿਚ ਬੁੱਤ ਪ੍ਰਸਤੀ ਤੇ ਘਰਾਂ ਵਿਚ ਅਨਮਤੀ ਪ੍ਰਵੇਸ਼ ਕਰ ਗਈ ਸੀ। ਸਿੱਖ ਮਾਵਾਂ ਵਿਚ ਆਦਰਸ਼ ਮਿਲਗੋਭਾ ਜਿਹਾ ਹੋ ਗਿਆ ਸੀ। ਸਿੱਖ ਧੀਆਂ ਦੂਜੇ ਅਵਤਾਰਾਂ ਦੇ ਗੀਤ ਗਾਉਂਦੀਆਂ ਤੇ ਆਰਤੀਆਂ ਉਤਾਰਦੀਆਂ ਸਨ। ਗਿਆਨੀਆਂ ਨੂੰ ਪੁਰਾਣਕ ਤੇ ਸੂਫੀਆਂ ਦੇ ਰੰਗ ਚੜ੍ਹ ਗਏ ਸਨ, ————— ਨੋਟ: ਪੁਸਤਕ ਦੀ ਇਹ ਅੰਤਕ ੧ ਜੂਨ ੧੯੩੩ ਵਿਚ ਲਿਖੀ ਗਈ ਸੀ। ਉਸੇ ਵਕਤ ਇਸ ਪੁਸਤਕ ‘ਸੁੰਦਰੀ ਨੂੰ ਛਪਿਆਂ ੩੫ ਬਰਸ ਹੀ ਹੋਏ ਸਨ (੧੯੩੩-੩੫ = ੧੮੯੮ ਹੁਣ ਇਸ ਪੁਸਤਕ ਦੀ ੪੨ ਵੀਂ ਛਾਪ ੨੦੦੯ ਈ ਵਿਚ ਛਪ ਰਹੀ ਹੈ- ਯਾਨੀ ਇਹ ਪਿਛਲੇ ੧੧੧ ਸਾਲਾਂ ਤੋਂ ਬਾਕਾਇਦਾ ਛਪ ਰਹੀ ਹੈ ਤੇ ਅਜ ਵੀ ਹਰਮਨ ਪਯਾਰੀ ਹੈ। (ਸੰਪਾਦਕ)