ਇਤਿਹਾਸਕ ਵੀਚਾਰ ਤੋਂ ਵੱਖਰੇ ਜੋ ਆਰਟ (ਹੁਨਰ ਦੇ ਨੁਕਤੇ ਤੋਂ ਇਸ ਪੋਥੀ ਬਾਬਤ ਵਿਚਾਰੀਏ ਤਾਂ ਇਹ Realistic (ਅਸਲ ਸਮਾਚਾਰ ਦੱਸਣ ਵਾਲੀ) ਤੇ Idealistic (ਆਦਰਸ਼ ਦੱਸਣ ਵਾਲੀ) ਚੀਜ਼ ਹੈ ਜਿਸ ਵਿਚ ਉਸ ਵੇਲੇ ਦੇ ਅਮਲੀ ਪੰਥਕ ਜੀਵਨ ਦਾ ਅਤੇ ਇਤਿਹਾਸਕ ਨੁਕਤੇ ਤੋਂ ਉਸ ਵੇਲੇ ਦੇ ਸਮਿਆਂ ਦਾ ਦਰੁਸਤ ਅਸਲੀ ਨਕਸ਼ਾ ਅੰਕਿਤ ਹੈ, ਫੇਰ ਸਿੱਖ ਆਦਰਸ਼ ਇਸ ਵਿਚ ਠੀਕ ਤਰ੍ਹਾਂ ਵਰਣਨ ਕੀਤਾ ਹੈ। ਦਰ-ਅਸਲ ਉਸ ਸਮੇਂ ਦਾ ਪੰਥਕ ਜੀਵਨ ਸੀ ਹੀ ਆਦਰਸ਼ਕ ਤੇ ਕਲਗੀਧਰ ਜੀ ਨੇ ਜੋ ਆਦਰਸ਼ ਦੱਸਿਆ ਸੀ ਉਹ ਅਸਲੀਅਤ ਹੋ ਕੇ ਪੰਥ ਵਿਚ ਵਰਤਣ ਵਿਚ ਆ ਰਿਹਾ ਸੀ। ਇਨ੍ਹਾਂ ਸਾਰੇ ਸਮਾਚਾਰਾਂ ਤੋਂ ਪਤਾ ਲੱਗਦਾ ਹੈ ਕਿ ਕਰਤਾ ਜੀ ਨੇ ਸੁੰਦਰੀ ਵਿਚ ਕਿਸ ਤਰ੍ਹਾਂ ਪੁਰਾਤਨ ਸਿੱਖ ਜੀਵਨ, ਉਸ ਸਮੇਂ ਦੇ ਰਾਜ ਪ੍ਰਬੰਧ ਦੇ ਅਤਯਾਚਾਰ, ਸਿੱਖਾਂ ਤੇ ਹੋਏ ਅਕਹਿ ਤੇ ਕਰੜੇ ਜ਼ੁਲਮ ਤੇ ਸਿੱਖਾਂ ਦੀ ਸੂਰਬੀਰਤਾ ਦਾ ਹੂਬਹੂ ਤੇ ਬਿਲਕੁਲ ਦਰੁਸਤ ਨਕਸ਼ਾ ਖਿੱਚਿਆ ਹੈ। ਸੁੰਦਰੀ ਇਤਿਹਾਸਕ ਵਾਰਤਾ ਦੇ ਕੈਮਰੇ ਦੁਆਰਾ ਉਸ ਸਮੇਂ ਦੇ ਦੇਸ਼ ਵਿਚ ਵਰਤ ਰਹੇ ਸਮਾਚਾਰਾਂ ਤੇ ਸਿੱਖ ਜੀਵਨ ਦਾ ਇਕ ਫੋਟੋ ਹੈ ਤੇ ਲੇਖਕ ਜੀ ਨੇ ਇਸ ਵਿਚ ਉਸ ਸਮੇਂ ਦੇ ਸਿੱਖ ਕੈਰੈਕਟਰ ਤੇ ਖਾਲਸਾ ਕੌਮ ਦੇ ਸਮੁੱਚੇ ਤੌਰ ਤੇ ਮਾਨੋਂ ਇਕ ਜੀਉਂਦੀ ਜਾਗਦੀ ਮੂਰਤੀ ਚਿਤ੍ਰਿਤ ਕਰ ਦਿੱਤੀ ਹੈ। ਪੰਥ ਤਦੋਂ ਵਿਸ਼ੇਸ਼ ਕਰ ਕੇ ਖਾਲਸਾ ਆਦਰਸ਼' ਵਾਲਾ ਪੰਥਕ ਜੀਵਨ ਬਤੀਤ ਕਰ ਰਿਹਾ ਸੀ- ਹਾਂ, ਲੇਖਕ ਜੀ ਦਾ ਵਿਸ਼ਾਲ ਤੇ ਸਿੱਖੀ ਜੀਵਨ ਤੇ ਖਾਲਸਾ ਆਦਰਸ਼ ਨੂੰ ਜਾਨਣ ਵਾਲਾ ਅਨੁਭਵ ਹੀ ਇਸ ਵਿਚ ‘ਵਰਤ ਰਿਹਾ’ ਤੇ ‘ਆਦਰਸ਼ਕ’ ਹਾਲ ਗੇਂਦਵਾਂ ਤੇ ਪ੍ਰਭਾਵਾਂ ਵਾਲਾ ਲਿਖ ਸਕਦਾ ਸੀ।
ਸੁੰਦਰੀ ਜਦੋਂ ਛਪੀ ਹੈ ਤਦੋਂ ਕੀਹ ਅਸਰ ਪਿਆ ? ਇਸਦਾ ਅੰਦਾਜ਼ਾ ਕਰ ਸਕਣਾ ਕਠਨ ਹੈ, ਪਰ ਕੁਛ ਵਾਕੇ ਥੋੜੇ ਹੀ ਦਿਨਾਂ ਵਿੱਚ ਜਗ੍ਹਾ ਜਗ੍ਹਾ ਹੋਏ ਸਨ ਕਿ ਅਨਅੰਮ੍ਰਿਤੀਏ ਸਿੰਘਾਂ ਨੇ ਅੰਮ੍ਰਿਤ ਛਕੇ ਤੇ ਸਹਿਜਧਾਰੀ ਸਿੰਘ ਬਣੇ। ਸ੍ਰੀ ਮਾਨ ਸਰਦਾਰ ਆਇਆ ਸਿੰਘ ਜੀ ਤਦੋਂ ਹਿਸਾਰ ਵਾਲੇ ਪਾਸੇ ਈ.ਏ.ਸੀ. ਸਨ। ਆਪ ਦੱਸਦੇ ਹੁੰਦੇ ਸੀ ਕਿ ਅਸੀਂ ਇਕ ਦਿਨ ਦੌਰੇ ਗਏ ਤੇ ਬੰਦੋਬਸਤ ਦੇ ਇਕ ਸਿੰਘ ਅਫਸਰ ਦੇ ਡੇਰੇ ਪਹੁੰਚੇ ਕਿ ਇਹ ਸਿੱਖ ਹੈ ਇਸ ਪਾਸ ਰਹਾਂਗੇ। ਪਰ ਜਦ ਅਸੀਂ ਮਿਲੇ ਤਾਂ ਉਸ ਨੇ ਤਹਿਮਤ