ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /49

ਐਸ ਵੇਲੇ ਜ਼ਰੂਰ ਸਹਾਇਤਾ ਕਰੇਗਾ। ਉਸਨੇ ਨੇੜੇ ਪੁਜਕੇ ਸਲਾਮ ਕੀਤਾ, ਸਿਪਾਹੀ ਸਾਰੇ ਪਰੇ ਹਟ ਗਏ। ਵਡੇ ਆਦਰ ਨਾਲ ਸੁਖ ਸਾਂਦ ਪੁੱਛੀ। ਸੁੰਦਰੀ ਨੇ ਭੀ ਸਤਿਕਾਰ ਨਾਲ ਉਤਰ ਦਿੱਤਾ ਅਰ ਕਿਹਾ: ਇਹ ਲੋਕ ਕੌਣ ਹਨ ਅਰ ਮੇਰੇ ਦੁਆਲੇ ਕਿਉਂ ਹੋ ਗਏ ਹਨ ਅਰ ਵੱਡੀ ਬੇਸਤਿਕਾਰੀ ਨਾਲ ਗੱਲਾਂ ਕਿਉਂ ਕਰਦੇ ਹਨ?

ਤੁਰਕ ਬੋਲਿਆ: ਬੀਬੀ ਤੂੰ ਨਹੀਂ ਜਾਣਦੀ ਕਿ ਮੈਂ ਕੌਣ ਸਾਂ ਤੇ ਕੌਣ ਨਹੀਂ, ਪਹਿਲੇ ਮੈਂ ਆਪਣਾ ਪਤਾ ਦੱਸਾਂ ਤਦ ਤੁਹਾਡੀ ਸਮਝ ਵਿਚ ਕੁਝ ਸੌਖਾ ਆ ਜਾਵੇਗਾ। ਮੈਂ ਉਸ ਨਵਾਬ ਦਾ ਨੌਕਰ ਹਾਂ ਜੋ ਤੁਹਾਨੂੰ ਆਪਣੇ ਪਿੰਡੋਂ ਪਕੜ ਲਿਆਏ ਸਨ। ਮੈਂ ਇਥੇ ਉਸ ਦਿਨ ਇਕ ਸਿੱਖ ਨਾਲ ਲੜਨ ਤੋਂ ਜ਼ਖਮੀ ਹੋਕੇ ਮਰਨ ਮਰਾਂਦ ਪਿਆ ਸੀ, ਜਿਸ ਦਿਨ ਤੁਸੀਂ ਮੈਨੂੰ ਚੁਕ ਲਿਗਏ ਸੀ, ਪਹਿਲਾਂ ਤਾਂ ਮੈਂ ਕੁਛ ਨਾ ਪਛਾਤਾ, ਪਰ ਪੰਜਾਂ ਸੱਤਾਂ ਦਿਨਾਂ ਪਿਛੋਂ ਮੈਂ ਤੁਹਾਨੂੰ ਪਛਾਣ ਲੀਤਾ ਸੀ ਕਿ ਤੁਸੀਂ ਉਹੋ ਹੋ ਜਿਸਨੂੰ ਸਾਡਾ ਨਵਾਬ ਪਿੰਡੋਂ ਚੁੱਕ ਲਿਆਇਆ ਸੀ ਅਰ ਫਿਰ ਸਿੱਖ ਮਸਜਿਦ ਵਿਚੋਂ ਖੋਹਕੇ ਲੈ ਗਏ ਸਨ। ਜਾਂ ਮੈਂ ਆਪਦੀ ਕ੍ਰਿਪਾ ਨਾਲ ਰਾਜ਼ੀ ਹੋਕੇ ਆਪਣੇ ਘਰ ਪਹੁੰਚਾ ਤੇ ਨਵਾਬ ਨਾਲ ਗੱਲ ਕੀਤੀ, ਤਦ ਉਹ ਮੇਰੇ ਗਲ ਪੈ ਗਿਆ ਕਿ ਉਸ ਥਾਂ ਦਾ ਪਤਾ ਦੱਸ ਅਣ ਉਸਨੂੰ ਐਥੇ ਲਿਆ ਦੇਹ, ਤਦ ਤਾਂ ਪੰਜ ਹਜ਼ਾਰ ਇਨਾਮ ਦਿਆਂਗੇ, ਨਹੀਂ ਤਾਂ ਮੈਂ ਤੈਨੂੰ ਭੀ ਮਾਰ ਦਿਆਂਗਾ। ਸੋ ਮੈਂ ਕਈ ਦਿਨ ਜੰਗਲਾਂ ਬਨਾਂ ਵਿਚ ਟੱਕਰਾਂ ਮਾਰਦਾ ਰਿਹਾ ਹਾਂ ਮੈਨੂੰ ਤੁਹਾਡੀ ਥਾਂ ਦਾ ਥਹੁ ਨਹੀਂ ਲੱਗਾ। ਛੇਕੜ ਮੈਨੂੰ ਚੇਤਾ ਆਇਆ ਕਿ ਇਸ ਥਾਂ ਤੋਂ ਲੰਘਦੇ ਹੋਏ ਤੁਸੀਂ ਮੈਨੂੰ ਲੈ ਗਏ ਸੀ, ਮੈਂ ਸੋਚਿਆ ਕਿ ਕਦੀ ਨਾ ਕਦੀ ਏਥੋਂ ਲੰਘੋਗੇ ਹੀ, ਸੋ ਇਹ ਥਾਂ ਆ ਮੱਲੀ ਅਰ ਕਈ ਦਿਨ ਥੋਂ ਪੰਜ ਸਿਪਾਹੀਆਂ ਸਣੇ ਮੈਂ ਇਥੇ ਛਹਿ ਬੈਠਾ ਸੀ, ਸ਼ੁਕਰ ਹੈ ਖੁਦਾਵੰਦ ਕਰੀਮ ਦਾ ਜਿਸਨੇ ਮੇਰੀ ਮੁਰਾਦ ਪੂਰੀ ਕੀਤੀ। ਹੁਣ ਮੇਰੀ ਅਰਜ਼ ਇਹ ਹੈ ਕਿ ਤੁਸੀਂ ਐਸ ਜੁਆਨੀ ਤੇ ਸੁੰਦਰਤਾ ਪਰ ਕੁਛ ਤਰਸ ਕਰੋ, ਕਿਥੇ ਜੰਗਲ ਵਿਚ ਨਿਘਰੇ ਸਿਖਾਂ ਨਾਲ ਉਮਰ ਬਿਤਾ ਰਹੇ ਹੋ, ਸਵੇਰੇ ਤੋਂ ਸੁੰਞ ਤੀਕ ਨੌਕਰਾਂ ਵਾਂਗ ਸੇਵਾ ਕਰਦੇ ਹੋ ਫੇਰ ਨਫਾ ਕੁਛ ਨਹੀਂ ਤੇ ਦੁਨੀਆਂ ਦੇ ਸੁਖ ਲੈਣ ਦੀ ਇਹੋ ਉਮਰ ਹੈ, ਫੇਰ ਕਿਸ ਵੇਲੇ ਆਨੰਦ ਭੋਗੋਗੇ? ਹੁਣ ਤਾਂ ਐਡਾ ਵੱਡਾ ਨਵਾਬ ਤੁਹਾਡਾ ਹੱਥ

Page 55

www.sikhbookclub.com