੧੨. ਕਾਂਡ
ਲਖਪਤ ਰਾਇ ਸਿੱਖਾਂ ਦੇ ਮਗਰ ਅਜਿਹਾ ਹੱਥ ਧੋ ਕੇ ਪਿਆ ਸੀ ਕਿ ਮਾਨੋ ਸਿੱਖ ਮਾਰਨੇ ਉਹ ਮੁਕਤੀ ਦਾ ਰਸਤਾ ਸਮਝਦਾ ਸੀ। ਬਿਜਲਾ ਸਿੰਘ ਦੀ ਜ਼ਬਾਨੀ ਪਾਠਕਾਂ ਨੇ ਕਈ ਹਾਲ ਸੁਣ ਹੀ ਲਏ ਹਨ ਉਹਨਾਂ ਤੇ ਹੀ ਬੱਸ ਨਹੀਂ, ਇਸਨੇ ਖਾਲਸੇ ਦਾ ਬੀਜ ਨਾਸ ਕਰਨੋਂ ਫਰਕ ਨਹੀਂ ਕੀਤਾ। ਇਸਦੇ ਇਸ ਜਤਨ ਤੇ ਮਿਹਨਤ ਨੂੰ ਵੇਖਕੇ ਮੁਸਲਮਾਨ ਹਾਕਮ ਅਗੇ ਹੀ ਸਿੱਖਾਂ ਦਾ ਖੁਰਾ-ਖੋਜ ਮਿਟਾ ਰਹੇ ਸਨ ਪਰ ਹੁਣ ਤਾਂ ਸਾਰੇ ਪੰਜਾਬ ਵਿਚ ਪਿਛਲੀ ਅੱਗ ਦੂਣੀ ਹੋ ਮੱਚੀ। ਅਸਲ ਵਿਚ ਨਾਦਰ ਦੇ ਹਮਲੇ ਦੇ ਬਾਦ ਖ਼ਾਨ ਬਹਾਦਰ ਨੇ ੧੭੯੬ ਤੋਂ ੧੮੦੧ ਬਿ: ਤਕ ਸਿੱਖਾਂ ਦੀ ਕਤਲਾਮ ਜਾਰੀ ਰੱਖੀ ਸੀ। ਪਿੰਡ ਦੇ ਚੌਧਰੀਆਂ ਨੂੰ ਹੁਕਮ ਸੀ ਕਿ ਜਿਥੇ ਸਿੱਖ ਮਿਲੇ ਮਰਵਾ ਦਿਓ ਤੇ ਘਰਬਾਰ ਜ਼ਿਮੀ ਜ਼ਬਤ ਕਰ ਲਓ। ਗਸ਼ਤੀ ਫੌਜ ਇਲਾਕਿਆਂ ਵਿਚ ਸਿੱਖਾਂ ਨੂੰ ਮਾਰਨ ਵਾਸਤੇ ਫਿਰਨ ਲੱਗੀ। ਤਵਾਰੀਖ ਤੇ ਪੁਰਾਣੇ ਗ੍ਰੰਥਾਂ ਨੂੰ ਪੜ੍ਹਕੇ ਸਰੀਰ ਕੰਬ ਉਠਦਾ ਹੈ। ਜੋ ਜੋ ਕਹਿਰ ਉਸ ਸਮੇਂ ਖਾਲਸੇ ਨੇ ਬਹਾਦਰੀ ਨਾਲ ਸਹਾਰੇ ਲੇਖਣੀ ਲਿਖ ਨਹੀਂ ਸਕਦੀ, ਅੱਖਾਂ ਪੜ੍ਹ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ। ਪਿੰਡਾਂ ਤੇ ਸ਼ਹਿਰੀਂ ਸਿੱਖ ਮਾਰੇ ਗਏ। ਮੁਖਬਰੀਆਂ ਦਾ ਬਜ਼ਾਰ ਡਾਢੀ ਰੌਣਕ ਪੁਰ ਹੋ ਗਿਆ। ਸਿੱਖਾਂ ਦੇ ਫੜਵਾਉਣ ਵਾਲਿਆਂ ਨੂੰ ਚੋਖੇ ਚੋਖੇ ਇਨਾਮ ਮਿਲਦੇ, ਪਰ ਵਾਹ ਵਾਹ ਖਾਲਸਾ ਝਵਿਆਂ ਨਹੀਂ। ਫੜੇ ਗਏ ਤਾਂ ਹੱਸ ਹੱਸ ਕੇ ਮਰੇ। ਅਨੇਕਾਂ ਸ਼ਹਿਰਾਂ ਪਿੰਡਾਂ ਨੂੰ ਛੱਡ ਛੱਡ ਕੇ ਜੰਗਲਾਂ ਵਿਚ ਪਹਾੜਾਂ ਵਿਚ ਜਾ ਵਸੇ। ਅਰ ਪਿਆਰੇ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਸਹਾਰੇ। ਐਥੋਂ ਤੀਕ ਕਿ ਸਿੰਘਾਂ ਦੇ ਜਥੇ, ਜੋ ਗਸ਼ਤੀ ਫੌਜ ਦੇ ਕਾਬੂ ਚੜ੍ਹ ਜਾਂਦੇ ਤਾਂ ਲਾਹੌਰ ਲਿਆਕੇ ਤਸੀਹ ਦੇ ਕੇ ਮਾਰੇ ਜਾਂਦੇ। ਚਰਖੜੀਆਂ ਤੇ ਚਾੜ੍ਹਨਾ ਤੇ ਅਨੇਕਾਂ ਕਸ਼ਟ ਦੇਣੇ। ਲਾਹੌਰ ਸਿੰਘਾਂ