ਪੰਨਾ:ਸੁੰਦਰੀ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 69

ਦੇ ਸਿਰਾਂ ਨਾਲ ਖੂਹ ਭਰੇ ਗਏ ਤੇ ਬੁਰਜ ਉਸਾਰੇ ਗਏ। ਇਨ੍ਹੀਂ ਦਿਨੀਂ ਹੀ ਦਰਬਾਰ ਸਾਹਿਬ ਵਿਚ ਮੱਸਾ ਰੰਘੜ ਬੇ ਅਦਬੀ ਕਰ ਰਿਹਾ ਸੀ ਜਦੋਂ ਕਿ ਮਤਾਬ ਸਿੰਘ ਨੇ ਆ ਕੇ ਉਸਦਾ ਸਿਰ ਵੱਢ ਲਿਆ ਸੀ। ਦਰਬਾਰ ਸਾਹਿਬ ਦੇ ਇਰਦ ਗਿਰਦ ਫੌਜ ਦਾ ਪਹਿਰਾ ਰਹਿੰਦਾ ਸੀ ਕਿ ਕੋਈ ਸਿੱਖ ਮੰਦਰ ਵਿਚ ਨਾ ਆਉਣਾ ਪਾਵੇ, ਕਿਉਂਕਿ ਇਹ ਇਕ ਕਹਾਵਤ ਚਲੀ ਆਉਂਦੀ ਹੈ ਕਿ ਇਕ ਦਿਨ ਨਵਾਬ ਲਾਹੌਰ ਨੇ ਸਿੱਖਾਂ ਦੇ ਐਡੇ ਬਲੀ ਹੋਣ ਦਾ ਅਰ ਧਰਮ ਨਾ ਛੱਡਣ ਦਾ ਕਾਰਨ ਪੁਛਿਆ ਤਦ ਕਿਸੇ ਜੋਤਸ਼ੀ ਨੇ ਦਸਿਆ ਕਿ ਇਹ ਲੋਕ ਅੰਮ੍ਰਿਤ ਛਕਦੇ ਹਨ, ਇਹਨਾਂ ਦੇ ਗੁਰੂ ਵਡੇ ਉਲਿਆ ਸਨ। ਉਹਨਾਂ ਦਾ ਅੰਮ੍ਰਿਤ ਪੀ ਕੇ ਇਹ ਅਮਰ ਹੋ ਜਾਂਦੇ ਹਨ ਅਤੇ ਅੰਮ੍ਰਿਤਸਰ ਇਸ਼ਨਾਨ ਕਰਕੇ ਆਪਣੇ ਬਲ ਦਾ ਵਾਧਾ ਪ੍ਰਾਪਤ ਕਰਦੇ ਹਨ। ਇਹ ਗੱਲ ਸੁਣਕੇ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਸਿੱਖਾਂ ਦਾ ਨ੍ਹਾਉਣਾ ਰੋਕ ਦਿਤਾ। ਪਰ ਉਹ ਮੂਰਖ ਕੀ ਜਾਨਣ, ਸਿੱਖ ਕੱਚੀ ਮਿੱਟੀ ਦੇ ਘੜੇ ਹੋਏ ਨਹੀਂ ਹਨ, ਇਹਨਾਂ ਦੇ ਮਨ ਫੌਲਾਦ ਨਾਲੋਂ ਭੀ ਕਰੜੇ ਤੇ ਪੱਥਰ ਨਾਲੋਂ ਬੀ ਪੀਡੇ ਹਨ। ਖਾਲਸਾ ਰਾਤ ਨੂੰ ਚੋਰੀ ਇਸ਼ਨਾਨ ਕਰ ਜਾਯਾ ਕਰਨ। ਕਈ ਵਾਰੀ ਨ੍ਹਾਉਂਦੇ ਸਿੰਘ ਦਰਬਾਰ ਸਾਹਿਬ ਦੇ ਉਹਨਾਂ ਪਵਿੱਤ੍ਰ ਪੌੜਾਂ ਉਤੇ, ਜਿਥੇ ਅਜ ਕਲ ਪੱਥਰਾਂ ਦੇ ਬੁਤ ਪਏ ਪੂਜੇ ਜਾ ਰਹੇ ਹਨ, ਹਾਂ ਪਯਾਰੇ ਪਾਠਕ! ਉਹਨਾਂ ਧਰਮ ਜੈਤ ਪੌੜਾਂ ਉਤੇ ਇਸ਼ਨਾਨ ਕਰਦੇ ਤੇ ਜਪੁ ਸਾਹਿਬ ਉਚਾਰਦੇ ਉਚਾਰਦੇ ਪਹਿਰੇਦਾਰਾਂ ਦੀਆਂ ਬੰਦੂਕਾਂ ਦਾ ਨਿਸ਼ਾਨਾ ਹੋਕੇ ਸ਼ਹੀਦੀ ਪਾਉਂਦੇ, ਪਰੰਤੂ ਹਠ ਨਾ ਛੱਡਦੇ। ਇਸ ਅਵਸਥਾ ਨੂੰ ਵੇਖਕੇ ਇਕ ਦਿਨ ਇਕ ਤੁਰਕ ਅਹੁਦੇਦਾਰ ਨੇ ਬੋਲੀ ਮਾਰੀ ਕਿ ਜੇ ਸਿੰਘ ਹਨ ਤਾਂ ਦਿਨ ਦਿਹਾੜੇ ਆਕੇ ਨ੍ਹਾਉਣ, ਰਾਤ ਗਿੱਦੜਾਂ ਵਾਂਗੂੰ ਕਿਉਂ ਆਉਂਦੇ ਹਨ? ਇਹ ਬੋਲੀ ਜਦ ਸਿੱਖਾਂ ਨੇ ਸੁਣੀ ਤਾਂ ਅੱਗ-ਭਬੂਕਾ ਹੋ ਗਏ।

—————

  • ਸੰਮਤ ੧੮੦੧ ਬਿ: ਵਿਚ।
    • ਸ਼ੁਕਰ ਹੈ ਕਿ ਹੁਣ ਪੰਥ ਨੇ ਆਵਾਜ਼ ਸੁਣੀ ਤੇ ਪਾਸਾ ਪਰਤਿਆ ਤੇ ਨਵੀਂ ਜਾਗਤ ਆਈ, ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਚਾਰ ਜੋਰ ਪਕੜ ਗਿਆ ਤੇ ਏਹ ਬੁੱਤ ਸੰ: ੧੯੦੪ ਈ: ਵਿਚ ਉਠਾ ਦਿਤੇ ਗਏ।