ਪੰਨਾ:ਸੁੰਦਰੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 89

ਗਿਆ। ਪਰ ਪੜੋਲ ਤੋਂ ਕਠੂਹੇ ਆਦਿ ਥਾਵਾਂ ਤੋਂ ਬਹੁਤੇ ਸਿੰਘ ਥੱਕੇ ਟੁਟੇ ਜ਼ਖਮੀ ਤੇ ਹੋਰ ਜੋ ਪਕੜੇ ਗਏ, ਲਾਹੌਰ ਲੈ ਆਇਆ ਸੀ। ਇਨ੍ਹਾਂ ਨੂੰ ਇਸ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਮਰਵਾ ਦਿੱਤਾ। ਲਖਪਤ ਸ਼ਹੀਦ ਹੋਏ ਸਿੰਘਾਂ ਦੇ ਸਿਰਾਂ ਦੇ ਕਈ ਗੱਡੇ ਲਾਹੌਰ ਲਿਆਇਆ ਸੀ, ਜਿਨ੍ਹਾਂ ਨਾਲ ਖੂਹ ਭਰੇ ਤੇ ਬੁਰਜ ਉਸਾਰੇ ਗਏ ਸਨ ਉਥੇ ਤਦੋਂ ਘੋੜ ਮੰਡੀ ਸੀ, ਹੁਣ ਲੰਡਾ ਬਜ਼ਾਰ ਹੈ ਤੇ ਸ਼ਹੀਦ ਗੰਜ ਬੀ ਹੈ। ਭੰਗੂ ਜੀ ਲਿਖਦੇ ਹਨ।

ਪਾਸ ਨਵਾਬ ਗਏ ਥੇ ਸਾਰੇ।ਉਨ ਕੈ ਸੀਸਨ ਬੁਰਜ ਉਸਾਰੇ।

ਉਧਰ ਮਾਲਵੇ ਅੱਪੜਕੇਵੇਂ ਖਾਲਸੇ ਦੇ ਜਥੇ ਅੱਡ ਅੱਡ ਪਿੰਡੀ ਖਿੰਡ ਗਏ। ਮਾਲਵੇ ਦੇ ਸਿੰਘਾਂ ਨੇ ਆਪਣੇ ਪੀੜਤ ਭਰਾਵਾਂ ਦੀ ਵੱਡੀ ਆਗਤ-ਭਾਗਤ ਕੀਤੀ। ਜਖ਼ਮੀਆਂ ਦੇ ਇਲਾਜ ਹੋਣ ਲੱਗੇ, ਦੁਰਬਲਾਂ ਦੀ ਪਾਲਣਾ ਹੋਣ ਲੱਗੀ। ਇਸ ਪ੍ਰਕਾਰ ਲਖਪਤ ਨੇ ਜਿੰਨੀ ਪੰਥ ਦੀ ਹਾਨੀ ਕਰਕੇ ਉਸ ਨੂੰ ਜਰਜਰਾ ਕਰ ਦਿੱਤਾ ਸੀ, ਉਨਾ ਮਾਲਵੇ ਦੇ ਸਿੰਘਾਂ ਨੇ ਆਪਣੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਫੇਰ ਬਲੀ ਕਰ ਦਿੱਤਾ। ਫੂਲ ਮਹਾਰਾਜ ਦੇ ਇਲਾਕੇ ਵਿਚ ਸਰਦਾਰ ਸ਼ਾਮ ਸਿੰਘ ਦਾ ਜੱਥਾ ਉਤਰਿਆ, ਕਪੂਰ ਸਿੰਘ ਦਾ ਵਿਝੋਕੇ ਜੱਸਾ ਸਿੰਘ ਨੇ ਜੈਤੋਂ ਕੇ ਡੇਰਾ ਕਰਕੇ ਇਲਾਜ ਕਰਾਇਆ ਤੇ ਪੰਜ ਕੁ ਮਹੀਨਿਆਂ ਵਿਚ ਟੰਗ ਵਲ ਹੋ ਗਈ। ਜੋ ਸਿੰਘ ਪਹਾੜੀ ਚੜ੍ਹ ਗਏ ਸਨ, ਭੇਸ ਵਟਾ ਵਟਾ ਕੇ ਏਥੇ ਖਾਲਸੇ ਨੂੰ ਆ ਮਿਲੇ। ਸਿੰਘ ਸਮਾਂ ਪਾ ਕੇ ਫੇਰ ਤਿਆਰ-ਬਰ-ਤਿਆਰ ਹੋ ਗਏ। ਇਹ ਸਮਾਚਾਰ ਜੇਠ ਸੰਮਤ ੧੮੦੩ ਬਿ ਵਿਖੇ ਹੋਏ ਸਨ ਅਰ ਇਹ ਜੁੱਧ ‘ਛੋਟੇ ਘੱਲੂਘਾਰੇ' ਦੇ ਨਾਮ ਤੋਂ ਪ੍ਰਸਿੱਧ ਹੈ।

————— ੧. ਮਾਲਵੇ ਦੇ ਪਾਣੀ ਤੇ ਛਾਂ ਹੀਨ ਬਨ ਉਸ ਸਮੇਂ ਵੱਡੇ ਕਸ਼ਟ ਦੇ ਦਾਤੇ ਹੁੰਦੇ ਸਨ। ਲੱਖੂ ਦਾ ਪਿੱਛਾ ਕਰ ਸਕਣਾ ਕਠਨ ਸੀ। ਦੂਜੇ ਦਰਿਆਓਂ ਪਾਰ ਇਲਾਕਾ ਸਰਹਿੰਦ ਦੇ ਸੂਬੇ ਦਾ ਹੋ ਜਾਂਦਾ ਸੀ, ਪੰਜਾਬ ਦੇ ਸੂਬੇ ਦੀਆਂ ਫੌਜਾਂ ਦੂਜੇ ਸੂਬੇ ਵਿਚ ਸਿੰਘਾਂ ਦੇ ਚਲੇ ਜਾਣ ਕਰ ਕੇ ਪਿੱਛਾ ਨਹੀਂ ਕਰਿਆ ਕਰਦੀਆਂ ਸਨ, ਇਸ ਕਰਕੇ ਬੀ ਲਖਪਤ ਮੁੜ ਗਿਆ। ੨. ਦੇਖੋ ਨਾਰੰਗ ਦਾ ‘ਸਿੱਖਾਂ ਦਾ ਪ੍ਰੀਵਰਤਨ’ ਸਫਾ ੨੦੩-੨੦੪ ੩. ਮਾਲਵੇ ਵਿਚ ਤ੍ਰੈ ਕੁ ਹਜ਼ਾਰ ਸਿੱਖ ਪੁੱਜਾ ਸੀ। ਬਾਕੀ ਮਾਰੇ ਗਏ ਸਨ।