ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

7

ਨਵੇਂ ਕਾਨੂੰਨ ਦਾ ਅਪਨਾਉਣਾ ਇਸ ਗੱਲ ਦੀ ਮੰਗ ਕਰਦਾ ਸੀ ਕਿ ਰਿਆਸਤੀ ਬਜਟ 'ਚੋਂ ਚੋਖੀ ਵਧ ਰਕਮ, ਪਿਨਸ਼ਨਾਂ ਲਈ ਕੱਢੀ ਜਾਏ। ਮਿਸਾਲ ਵਜੋਂ, 1956 ਵਿਚ, ਪਹਿਲਾਂ ਪਿਨਸ਼ਨਾਂ ਲਈ 2,510 ਕਰੋੜ ਰੂਬਲ ਦੀ ਰਕਮ ਕੱਢਣ ਦਾ ਵਿਚਾਰ ਸੀ; ਪਰ ਜਦੋਂ ਨਵਾਂ ਕਨੂੰਨ ਪਾਸ ਹੋ ਗਿਆ, ਤਾਂ ਇਹ ਰਕਮ 3,820 ਕਰੋੜ ਰੂਬਲ ਤਕ ਜਾ ਪੁਜੀ। ਇਸ ਰਕਮ ਵਿਚੋਂ 50 ਕ੍ਰੋੜ ਰੂਬਲ ਉਹਨਾਂ ਤਰਮੀਮਾਂ ਤੇ ਵਾਧਿਆਂ ਦਾ ਖਰਚਾ ਪੂਰਾ ਕਰਨ ਲਈ ਚਾਹੀਦੇ ਸਨ, ਜਿਨ੍ਹਾਂ ਦੀ ਜਨਤਾਂ ਨੇ ਸਿਫਾਰਸ਼ ਕੀਤੀ ਸੀ। ਦੂਜੇ ਲਫ਼ਜ਼ਾਂ ਵਿਚ ਰਿਆਸਤ ਨੇ ਪਿਨਸ਼ਨਾਂ ਉਤੇ 1,300 ਕਰੋੜ ਰੂਬਲ ਦੀ ਰਕਮ ਵਧੇਰੇ ਖਰਚ ਕਰਨੀ ਸੀ।

ਵੀ: ਡੀ: ਫਿਲਿਪੋਫ਼, ਜੋ ਮਾਸਕੋ ਦੇ 'ਹਥੌੜਾ ਤੇ ਦਾਤਰੀ' ਨਾਂ ਦੇ ਲੋਹੇ ਅਤੇ ਫੌਲਾਦ ਦੇ ਕਾਰਖਾਨੇ ਵਿਚ 30 ਸਾਲਾਂ ਤੋਂ ਕੰਮ ਕਰ ਰਿਹਾ ਹੈ, ਨਵੇਂ ਪਿਨਸ਼ਨ-ਕਨੂੰਨ ਬਾਰੇ ਜਨਤਾ ਦੇ ਜਜ਼ਬਿਆਂ ਨੂੰ ਬੜੀ ਠੀਕ ਤਰ੍ਹਾਂ ਇਹਨਾਂ ਸ਼ਬਦਾਂ 'ਚ ਪੇਸ਼ ਕਰਦਾ ਹੈ:———

"ਪੁਰਾਣੇ ਵਕਤਾਂ ਵਿਚ ਅਸੀਂ ਬਿਰਧ ਲੋਕ ਗਲੀਆਂ ਵਿਚ ਸੁਟ ਦਿਤੇ ਜਾਂਦੇ ਸਾਂ। ਪਰ ਹੁਣ, ਅਸੀਂ ਆਪ ਵੇਖਿਆ ਹੈ ਕਿ ਕਿਸ ਤਰ੍ਹਾਂ ਸੁਪ੍ਰੀਮ ਸੋਵੀਅਤ ਨੇ ਕਈ ਦਿਨ ਇਸ ਗਲ ਤੇ ਵਿਚਾਰ ਕਰਨ ਤੇ ਲਾਏ ਹਨ ਕਿ ਬੁਢੇਪੇ ਅਤੇ ਨਿਰਯੋਗਤਾ ਦੀ ਅਵਸਥਾ ਵਿਚ ਕਾਮਿਆਂ ਦੇ ਨਿਰਬਾਹ ਦਾ ਕਿਵੇਂ ਚੰਗੇ ਤੋਂ ਚੰਗਾ ਬੰਦੋਬਸਤ ਹੋ ਸਕਦਾ ਹੈ। ਸਾਡੀ ਸਰਕਾਰ ਦਾ ਜਨਤਾ ਨਾਲ ਗੂੜ੍ਹਾ ਸਬੰਧ ਹੈ। ਜਨਤਾ ਨਾਲ ਮਿਲ ਕੇ ਹੀ ਸਰਕਾਰ ਨੇ ਇਸ ਅੱਤ ਜ਼ਰੂਰੀ ਸੁਆਲ ਦਾ ਫੈਸਲਾ ਕੀਤਾ ਹੈ———ਸੁਆਲ, ਜੋ ਬ੍ਰਿਧ-ਲੋਕਾਂ ਲਈ ਏਨੀ ਦਿਲਚਸਪੀ ਦਾ ਸੁਆਲ ਹੈ।"

4. ਨਵਾਂ ਪਿਨਸ਼ਨ ਕਨੂੰਨ ਕਿਉਂ?

ਸੋਵੀਅਤ ਸਮਾਜ ਲਗਾਤਾਰ ਪ੍ਰਫੁਲਤ ਹੋ ਰਿਹਾ ਹੈ, ਉੱਨਤੀ ਕਰ ਰਿਹਾ ਹੈ। ਇਸ ਬਦਲਦੇ ਸਮਾਜ ਵਿਚ ਕਨੂੰਨ ਵੀ ਤਬਦੀਲ ਹੋਏ ਬਿਨਾਂ ਨਹੀਂ ਰਹਿ ਸਕਦੇ। ਕਨੂੰਨ ਨੂੰ, ਸਮਾਜ ਦੀਆਂ ਮੁਖ ਲੋੜਾਂ ਅਤੇ ਦੇਸ਼ ਦੇ ਸ਼ਹਿਰੀਆਂ ਦੀਆਂ ਜ਼ਰਰੂਤਾਂ ਨੂੰ ਪੂਰਿਆਂ ਕਰਨਾ ਪੈਂਦਾ ਹੈ। ਸਮਾਜ ਦੇ ਬਦਲਣ ਨਾਲ ਪਿਨਸ਼ਨ ਦੇ ਪ੍ਰਚਲਤ ਕਨੂੰਨ ਪੁਰਾਣੇ ਹੋ ਚੁਕੇ ਸਨ।