ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

8

ਮਿਸਾਲ ਵਜੋਂ ਜੰਗ ਤੇ ਜੰਗ-ਉਪ੍ਰੋਕਤ ਸਾਲਾਂ ਵਿਚ ਤਨਖਾਹਾਂ ਤੇ ਪਿਨਸ਼ਨਾਂ ਵਿਚਕਾਰ ਬੜਾ ਅੰਤਰ ਪੈਦਾ ਹੋ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਪਿਨਸ਼ਨਾਂ ਦੀ ਰਕਮ 1930 ਵਿਚ ਮੁਕੱਰਰ ਕੀਤੀ ਗਈ ਸੀ ਅਤੇ ਕਾਮਿਆਂ ਤੇ ਦਫ਼ਤਰੀ-ਮੁਲਾਜ਼ਮਾਂ ਦੀਆਂ ਤਨਖਾਹਾਂ ਉਦੋਂ ਤੋਂ ਲੈ ਕੇ ਹੁਣ ਤਕ ਕਾਫੀ ਵਧ ਚੁਕੀਆਂ ਸਨ।

ਪਿਨਸ਼ਨ-ਨੇਮ ਵਿਚ ਇਕ ਨੁਕਸ ਇਹ ਵੀ ਸੀ ਕਿ ਕੁਝ ਇਕ ਪਿਨਸ਼ਨੀਆਂ ਨੂੰ ਬੜੀ ਘਟ ਪਿਨਸ਼ਨ ਮਿਲਦੀ ਸੀ, ਅਤੇ ਦੂਜੇ ਪਾਸੇ ਕਾਮਿਆਂ ਦੀਆਂ ਕੁਝ ਇਕ ਸ਼੍ਰੇਣੀਆਂ ਨੂੰ ਬਹੁਤ ਹੀ ਵਧ। ਨਵੇਂ ਪਿਨਸ਼ਨ ਕਨੂੰਨ ਨੇ ਪਿਨਸ਼ਨ-ਨੇਮ ਦੇ ਇਹਨਾਂ ਨੁਕਸਾਂ ਨੂੰ ਦੂਰ ਕਰਕੇ ਇਸ ਨੂੰ ਚੰਗੇਰਾ ਬਣਾਇਆ ਹੈ।

ਸੋਵੀਅਤ ਸਰਕਾਰ ਜਨਤਾ ਦੀ ਖੁਸ਼ਹਾਲੀ, ਸਭਿਆਚਾਰ ਤੇ ਰਹਿਣੀ ਬਹਿਣੀ ਦੇ ਪਧਰ ਨੂੰ ਬਿਹਤਰ ਬਣਾਨ ਲਈ ਸਦਾ ਕੋਸ਼ਸ਼ ਕਰਦੀ ਰਹਿੰਦੀ ਹੈ। ਸੋਵੀਅਤ ਯੂਨੀਅਨ ਵਿਚ ਕੌਮੀ ਆਮਦਨ ਦਾ 75 ਫੀ ਸਦੀ ਹਿੱਸਾ ਕਾਮਿਆਂ, ਕਿਸਾਨਾਂ ਅਤੇ ਬੁਧੀਮਾਨ ਤਬਕੇ ਦੀਆਂ ਸਭਿਆਚਾਰਕ ਤੇ ਪਦਾਰਥਕ ਲੋੜਾਂ ਨੂੰ ਪੂਰਿਆਂ ਕਰਨ ਅਤੇ ਵਿਦਿਆ, ਲੋਕ-ਸਿਹਤ ਸੇਵਾ, ਸਮਾਜਕ ਬੀਮੇ, ਸਣੇ ਤਨਖਾਹ ਵਾਰਸਿਕ ਛੁਟੀਆਂ ਤੇ ਹੋਰ ਸਮਾਜਿਕ ਅਤੇ ਸਭਿਆਚਾਰਕ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਖਰਚ ਕੀਤਾ ਜਾਂਦਾ ਹੈ।

ਪਿਛੇ ਜਹੇ ਹੀ ਕਮਿਊਨਿਸਟ ਪਾਰਟੀ ਅਤੇ ਸੋਵੀਅਤ ਸਰਕਾਰ ਨੇ ਲੋਕਾਂ ਦੇ ਕੰਮ ਕਰਨ ਤੇ ਰਹਿਣੀ ਬਹਿਣੀ ਦੀ ਹਾਲਤ ਨੂੰ ਚੰਗੇਰਾ ਬਣਾਨ ਲਈ ਕੁਝ ਇਕ ਜ਼ਰੂਰੀ ਕਦਮ ਚੁਕੇ ਹਨ। ਅਦਾਰਿਆਂ ਤੇ ਸੰਸਥਾਵਾਂ ਵਿਚ ਸ਼ਨੀਚਰ ਲਈ ਅਤੇ ਛੁਟੀ ਵਾਲੇ ਦਿਨ ਤੋਂ ਪਹਿਲੇ ਦਿਨ ਲਈ ਕੰਮ-ਘੰਟੇ ਘਟਾ ਕੇ 6 ਕਰ ਦਿਤੇ ਗਏ ਹਨ। 16 ——18 ਸਾਲਾਂ ਦੀ ਉਮਰ ਦੇ ਯੁਵਕਾਂ ਨੂੰ ਹਫ਼ਤੇ ਦੇ ਛੇ ਦੇ ਛੇ ਦਿਨ ਹੀ ਸਿਰਫ ਛੇ ਘੰਟੇ ਰੋਜ਼ ਕੰਮ ਕਰਨਾ ਪੈਂਦਾ ਹੈ। ਸਾਰੇ ਕਾਮਿਆਂ ਅਤੇ ਦਫਤਰੀ-ਮੁਲਾਜ਼ਮਾਂ ਲਈ ਕੰਮ-ਘੰਟੇ ਘਟਾ ਕੇ 7 ਕਰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸਤਰੀਆਂ ਲਈ ਪਰਸੂਤ-ਛੁਟੀ ਦੇ ਦਿਨ 77 ਤੋਂ 112 ਕਰ ਦਿਤੇ ਗਏ ਹਨ। ਘਟ ਤਨਖਾਹ ਵਾਲੇ ਕਾਮਿਆਂ ਅਤੇ ਦਫ਼ਤਰੀ-ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾ ਦਿਤੀਆਂ ਗਈਆਂ ਹਨ। ਹਾਈ ਸਕੂਲਾਂ ਅਤੇ ਉਚ ਵਿਦਿਅਕ ਸੰਸਥਾਵਾਂ ਵਿਚੋਂ ਫੀਸ ਉਕੀ ਹਟਾ ਦਿਤੀ ਗਈ ਹੈ।