ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

5

ਸੋਵੀਅਤ ਆਰਥਕਤਾ ਵਿਚ ਹੋ ਰਹੀ ਸਿਲਸਿਲੇਵਾਰ ਤੇ ਬਕਾਇਦਾ ਉਨਤੀ ਸਦਕਾ ਇਹ ਮੁਮਕਨ ਹੋ ਜਾਂਦਾ ਹੈ ਕਿ ਰਿਆਸਤ ਵਲੋਂ ਸਮਾਜਕ-ਬੀਮੇ ਅਤੇ ਪਿਨਸ਼ਨਾਂ ਉਤੇ ਵਧੇਰੇ ਖਰਚ ਕੀਤਾ ਜਾ ਸਕੇ। ਮਿਸਲ ਵਜੋਂ——— 1955 ਵਿਚ, ਸਮਾਜਕ-ਬੀਮੇ ਦੇ ਬਜਟ ਦੀ ਆਮਦਨ 2,650 ਕ੍ਰੋੜ ਰੂਬਲ ਸੀ ਜਦ ਕਿ 1940 ਵਿਚ ਕੇਵਲ 860 ਕ੍ਰੋੜ ਰੂਬਲ। 1955 ਵਿਚ ਸਮਾਜਕ-ਬੀਮੇ ਦੇ ਫੰਡ 'ਚੋਂ ਦਿੱਤੀਆਂ ਗਈਆਂ ਪਿਨਸ਼ਨਾਂ ਦੀ ਰਕਮ 1940 ਦੀ ਰਕਮ ਨਾਲੋਂ 5.3 ਗੁਣਾਂ ਵਧੀਕ ਸੀ। ਪਿਨਸ਼ਨਾਂ ਦਾ ਕੁਲ ਖਰਚਾ, ਜੇਕਰ ਉਸ ਵਿਚ ਜੰਗ ਦੇ ਰੋਗੀਆਂ ਤੇ ਫਟੜਾਂ ਨੂੰ ਦਿਤੀਆਂ ਪਿਨਸ਼ਨਾਂ ਅਤੇ ਫ਼ੌਜੀਆਂ ਦੇ ਉਹਨਾਂ ਟਬਰਾਂ ਨੂੰ ਦਿਤੀ ਰਕਮ, ਜਿਨ੍ਹਾਂ ਦੇ ਕਮਾਉ-ਮਿੰਬਰ ਮਰ ਗਏ ਸਨ, ਵੀ ਸ਼ਾਮਲ ਕਰ ਲਈ ਜਾਏ, ਤਾਂ ਉਹ ਇਸ ਸਮੇਂ (1940-55) ਵਿਚ ਨੌ ਗੁਣਾਂ ਵਧ ਚੁਕਿਆ ਹੋਵੇਗਾ।

3.ਸਰਕਾਰ ਨੇ ਜਨਤਾ ਦੀ ਸਲਾਹ ਲਈ

ਸੋਵੀਅਤ ਜਨਤਾ ਦੀ ਭਾਰੀ ਗਿਣਤੀ ਨੇ ਆਪਣੀਆਂ ਮਜ਼ਦੂਰ ਯੂਨੀਅਨਾਂ ਰਾਹੀਂ, ਨਵੇਂ ਕਨੂੰਨ ਦਾ ਖਰੜਾ ਤਿਆਰ ਕਰਨ ਵਿਚ ਸਰਕਾਰੀ ਮਹਿਕਮਿਆਂ ਦਾ ਹਥ ਵੰਡਾਇਆ। ਕਨੂੰਨ ਦੇ ਖਰੜੇ ਦੀਆਂ ਵਖ ਵਖ ਮੱਦਾਂ ਉਤੇ ਹੋ ਰਹੀ ਬਹਿਸ ਵਿਚ ਹਿਸਾ ਲੈਣ ਲਈ ਪਿਨਸ਼ਨੀਆਂ ਦੇ ਕਈ ਟੋਲਿਆਂ ਨੂੰ ਸੱਦਾ ਦਿੱਤਾ ਗਿਆ।

ਸੋਵੀਅਤ ਯੂਨੀਅਨ ਦੀ ਸੁਪ੍ਰੀਮ ਸੋਵੀਅਤ ਦੇ ਵਿਚਾਰ ਕਰਣ ਤੋਂ ਦੋ ਮਹੀਨੇ ਪਹਿਲਾਂ ਇਸ ਖਰਤੇ ਨੂੰ ਆਮ ਜਨਤਾ ਦੇ ਵਿਚਾਰਨ ਲਈ, ਅਖਬਾਰਾਂ ਵਿਚ ਛਾਪ ਦਿਤਾ ਗਿਆ।

ਬਹਿਸ ਦੇ ਦੌਰਾਨ ਵਿਚ ਕਾਮਿਆਂ, ਦਫਤਰੀ-ਮੁਲਾਜ਼ਮਾਂ, ਇੰਨਜੀਨੀਅਰਾਂ, ਸਾਇੰਸਦਾਨਾਂ, ਡਾਕਟਰਾਂ, ਸਕੂਲ-ਮਾਸਟਰਾਂ ਅਤੇ ਪਿਨਸ਼ਨੀਆਂ ਨੇ ਅਖਬਾਰਾਂ ਤੇ ਕੇਂਦਰੀ ਸੰਸਥਾਵਾਂ ਨੂੰ ਭੇਜੇ ਆਪਣੇ ਖਤਾਂ ਤੇ ਲੇਖਾਂ ਰਾਹੀਂ ਮੁਤਫ਼ਿਕਾ ਤੌਰ ਤੇ ਇਹ ਰਾਏ ਪ੍ਰਗਟ ਕੀਤੀ ਕਿ ਨਵਾਂ ਕਨੂੰਨ ਜਨਤਕ-ਖੁਸ਼ਹਾਲੀ ਵਲ ਪੁਟਿਆ ਇਕ ਮਹੱਤਵ-ਪੂਰਨ ਕਦਮ ਹੈ। ਸਮੁਚੇ ਤੌਰ ਤੇ ਇਸ ਖਰੜੇ ਦੀ ਮਨਜ਼ੂਰੀ ਦੇਂਦੀਆਂ ਲੋਕਾਂ ਨੇ ਇਸ ਕਨੂੰਨ ਦੀਆਂ ਕਈ ਇਕ ਮੱਦਾਂ ਵਿਚ ਤਰਮੀਮਾਂ ਤੇ ਵਾਧੇ ਕਰਨ ਦੇ ਸੁਝਾਉ ਵੀ ਦਿਤੇ।