ਪੰਨਾ:ਸੰਤ ਗਾਥਾ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਆਸ਼ੇ ਨੂੰ ਦੁਹਰਾਇਆ ਤੇ ਕਿਹਾ ਕਿ ਜੇ ਇਹ ਗੱਲ ਨਹੀਂ ਮੰਨਦੇ ਤਾਂ ਭਲਾ ਐਉਂ ਕਰੋ ਕਿ ਇਕ ਬਿਹੰਗਮ ਨੂੰ ਹੱਟੀ ਵਿਚ ਬਿਠਾ ਦਿਓ। ਭੁੱਜੇ ਹੋਏ ਛੋਲੇ (ਬਾਦਾਮ) ਤੇ ਦਾਤਣਾਂ ਉਸ ਦੇ ਪਾਸ ਰਖ ਦਿਓ, ਉਹ ਸਿੰਘ ਇਸ਼ਨਾਨ ਕਰਨ ਵਾਲੇ ਨੂੰ ਦਾਤਣ ਤੇ ਨਿਰਨੇ ਕਾਲਜੇ ਪਾਣੀ ਪੀਣਵਾਲੇ ਨੂੰ ਮੁੱਠ ਛੋਲਿਆਂ ਦੀ ਦੇ ਦਿਆ ਕਰੇ। ਅਸੀਂ ਫਕੀਰ ਹਾਂ, ਪਰ ੨॥) ਮਹੀਨਾ ਸਾਧ ਸੰਗਤ ਦੇ ਦਸਵੰਧ ਵਿਚੋਂ ਅਸੀਂ ਦੇ ਦਿਆ ਕਰਾਂਗੇ ਤੇ ਚਾਰ ਪੰਜ ਰੁਪਏ ਦਾ ਆਪ ਉੱਦਮ ਕਰ ਦੇਣਾ। ਛੇਕੜਲੀ ਤਜਵੀਜ਼ ਆਪ ਨੇ ਇਹ ਦੱਸੀ ਕਿ ਜੇ ਹੱਟੀ ਖੋਲਣ੍ਹੀ ਹੀ ਹੈ ਤਦ ਕੋਈ ਨਿਰਧਨ ਸਿਖ ਲੱਭੋ ਦੋ ਗਰੀਬ ਹੋਵੇ, ਟੱਬਰਦਾਰ ਹੋਵੇ ਤੇ ਬੇਰੁਜ਼ਗਾਰ ਹੋਵੇ, ਉਸ ਨੂੰ ਬਿਨ ਕਰਾਏ ਬਿਠਾ ਦਿਓ, ਪਰ ਭਾੜਾ ਹੱਟੀ ਦਾ ਨਾਂ ਲਵੋ। ਇਸ ਤਰ੍ਹਾਂ ਨਾਲ ਆਪ ਨੇ ਆਪਣਾ ਆਸ਼ਾ ਪ੍ਰਗਟ ਕੀਤਾ। ਉਸ ਪ੍ਰੇਮੀ ਸਿੰਘ ਨੇ ਜੋ ਦੁਕਾਨ ਕਿਰਾਏ ਲੈਣ ਵਾਸਤੇ ਕਹਿ ਰਿਹਾ ਸੀ, ਸੰਤਾਂ ਦੀ ਗੱਲ ਬਾਤ ਸੁਣਕੇ ਸੀਸ ਨਿਵਾਇਆ ਤੇ ਸਤਿ-ਬਚਨ ਕਿਹਾ, ਫੇਰ ਆਪ ਚਲੇ ਗਏ। ਇਸ ਗੁਫਤਗੂ ਵਿਚ ਸੰਤਾਂ ਨੇ ਇਹ ਗਲ ਬੜੀ ਸਪਸ਼ਟ ਕਰਕੇ ਦੱਸੀ ਹੈ ਕਿ ਮੈਂ ਸੁਦ ਤੇ ਕਿਰਾਇਆ ਨਹੀਂ ਲੈਣਾ, ਮੈਂ ਟੇਕ ਸਾਧ ਸੰਗਤ ਦੇ ਦਸਵੰਧ ਤੇ ਰੱਖਣੀ ਹੈ ਤੇ ਸਾਧ ਸੰਗਤ ਦਾ ਦਸਵੰਧ ਸਫਲ ਕਰਨਾ ਹੈ। ਸੂਦ ਕਿਰਾਏ ਨਾਲ ਮੈਂ ਖੁਦੀ ਵਲ ਜਾਵਾਂਗਾ, ਸਾਧ ਸੰਗਤ ਦਾ ਸ਼ੁਭ ਇੱਛਕ ਨਹੀਂ ਰਹਾਂਗਾ। ਬਿਹੰਗਮ ਦਾ ਧਰਮ ਸੂਦ ਕਿਰਾਏ ਲੈਣਾ ਨਹੀਂ। ਸਾਧ ਸੰਗਤ ਦੇ ਦਸਵੰਧ ਵਰਤਣ ਵਿਚ ਆਪ ਦਾ ਵੀਚਾਰ ਸੀ ਕਿ ਮੈਂ ਇਹੋ ਚਾਹਾਂਗਾ ਕਿ ਗੁਰੂ ਆਪਣੇ ਕਿਰਤੀਆਂ ਸਿਖਾਂ ਦੀ ਕਮਾਈ ਵਿਚ ਬਰਕਤ ਪਾਵੇ ਤੇ ਉਹ ਦਸਵੰਧ ਕੱਢਣ ਅਤੇ ਮੈਂ ਉਸ ਨੂੰ ਸੁਆਰਥ ਪਰ ਵਰਤਕੇ ਸਫਲਾ ਕਰਾਂ। ਇਸ ਤਰਾਂ ਦੇ ਉੱਚੇ ਭਾਵ ਆਪ ਦੀ ਸਿੱਧ ਪੱਧਰੀ ਸੂਰਤ ਵਿਚ ਲੁਕੇ ਹੋਏ ਸਨ, ਜਿਵੇਂ ਲਾਲ ਕਿਸੇ ਸਾਧਾਰਨ ਟਾਕੀ ਵਿਚ ਬੱਧਾ ਹੋਵੇ।

-੧੦੨-