ਪੰਨਾ:ਸੰਤ ਗਾਥਾ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੫. ਵਿਵਾਹ-

ਹੁਣ ਦੇਖੋ ਸੰਤਾਂ ਦੇ ਜੀਵਨ ਦਾ ਇਕ ਹੋਰ ਮਹਾਨ ਪਰਉਪਕਾਰੀ ਦਰਸ਼ਨ। ਗੱਲਾਂ ਨਾਲ ਪਰਉਪਕਾਰੀ ਸਭ ਕੋਈ ਹੈ, ਦੰਮਾਂ ਨਾਲ ਕੋਈ ਕੋਈ ਤੇ ਸ਼ਰੀਰ ਨਾਲ ਕੋਈ ਵਿਰਲਾ, ਪਰ ਦੁਖ ਸਹੇੜ ਕੇ ਪਰੋਪਕਾਰੀ ਗੁਰੂ ਕੇ ਪਿਆਰੇ ਭਾਈ ਸ਼ਾਮ ਸਿੰਘ ਜੀ ਵਰਗੇ ਅਤਿ ਵਿਰਲੇ ਹਨ। ਸੰਤ ਸੁਵਾਇਆ ਸਿੰਘ ਜੀ ਪਹਿਲਾਂ ਇਕੱਲੇ ਹੀ ਵਿਚਰਦੇ ਹੁੰਦੇ ਸਨ। ਪਤਾ ਲਗਦਾ ਹੈ ਕਿ ਇਕ ਦਿਨ ਆਪ ਦੀ ਮਾਤਾ ਜੀ ਨੇ ਵਿਵਾਹ ਵਾਸਤੇ ਕਿਹਾ, ਅੱਗੋਂ ਸੰਤਾਂ ਨੇ ਉੱਤਰ ਦਿੱਤਾ ਕਿ ਮੈਂ ਇਹ ਮਨ ਵਾਹਿਗੁਰੂ ਜੀ ਨੂੰ ਦੇ ਦਿਤਾ ਹੈ ਤੇ ਚਾਹੁੰਦਾ ਹਾਂ ਕਿ ਇਹ ਸਰੀਰ ਗੁਰੂ ਕਲਗੀਆਂ ਵਾਲੇ ਦੀ ਸੇਵਾ ਵਿਚ ਹੀ ਸਫਲਾ ਹੋਵੇ, ਇਸ ਲਈ ਸਾਧ ਸੰਗਤ ਦੀ ਸੇਵਾ ਕਰਦਾ ਹਾਂ। ਵਿਆਹ ਕੀਤਿਆਂ ਮੋਹ ਮਾਇਆ ਪੈ ਜਾਏਗੀ ਤੇ ਖ਼ੁਦਗਰਜ਼ੀ ਆ ਜਾਏਗੀ, ਤਦ ਮੈਂ ਆਪਣਾ ਸੇਵਕ ਬਣ ਜਾਵਾਂਗਾ, ਪਰ ਇਧਰ ਮਾਤਾ ਦਾ ਹੁਕਮ ਸੀ। ਗੁਰੂ ਘਰ ਵਿਚ ਸਿਖ ਲਈ ਵਿਵਾਹ ਮਿਰਯਾਦਾ ਵੀ ਹੈ। ਮਾਤਾ ਹਠ ਤੇ ਹੋ ਗਈ, ਤਦ ਆਪ ਨੇ ਕਿਹਾ ਕਿ ਅੱਛਾ ਮਾਤਾ ਜੀ! ਜੇ ਤੁਸਾਂ ਮੇਰਾ ਵਿਵਾਹ ਕਰਾਉਣਾ ਹੀ ਹੈ ਤਦ ਮੈਨੂੰ ਇਸਤ੍ਰੀ ਆਪ ਚੂੰਡ ਲੈਣ ਦੀ ਆਗਯਾ ਦਿਓ, ਜਿਸ ਨਾਲ ਮੇਰਾ ਚਿਤ ਕਰੇ ਵਿਵਾਹ ਕਰਾਂ। ਇਹ ਬਚਨ ਆਪ ਦਾ ਸ੍ਰੀ ਮਾਤਾ ਜੀ ਮੰਨ ਲਿਆ।

ਹੁਣ ਸੰਤਾਂ ਦੇ ਆਪ ਤਿਆਗ, ਸੇਵਾ ਤੇ ਉਪਕਾਰ ਦਾ ਕਮਾਲ ਤੱਕੋ, ਆਪ ਨੇ ਢੂੰਡ ਢਾਂਡ ਕੇ ਆਪਣੇ ਵਿਵਾਹ ਲਈ ਇਕ ਨੇਤ੍ਰਾਂ ਤੋਂ ਹੀਨ ਇਸਤ੍ਰੀ ਲੱਭੀ, ਜਿਸ ਦੇ ਹੱਥ ਪੈਰ ਬੀ ਸੁਅਸਬ ਨਹੀਂ ਸਨ। ਉਹ ਅਪਣੀ ਕ੍ਰਿਯਾ ਆਪ ਨਹੀਂ ਸੀ ਸਾਧ ਸਕਦੀ। ਉਸ ਨਾਲ ਵਿਆਹ ਕੀਤਾ, ਵਿਆਹ ਦਾ ਫਲ ਇਹ ਕਿ ਉਸ ਬੀਬੀ ਨੂੰ ਅੰਨ ਬਸਤਰ ਦਾ ਆਰਾਮ ਹੋ ਗਿਆ।ਐਸਾ ਗੁਰਮੁਖ ਸਾਥੀ ਤੇ ਸਿਰਤਾਜ ਮਿਲ ਗਿਆ ਅਤੇ ਸਤਿਸੰਗ ਵਿਚ ਵਾਸ ਹੋ ਗਿਆ।

-੧੦੩-