ਪੰਨਾ:ਸੰਤ ਗਾਥਾ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਈਏ। ਆਪ ਸਾਫ ਕਹਿ ਦੇਂਦੇ ਸਨ ਕਿ ਅਮਕਾ ਕੰਮ ਕਰ ਸਕਦੇ ਹੋ ਤਾਂ ਕਰੋ। ਜ ਕਿਸੇ ਚੀਜ਼ ਦੀ ਲੋੜ ਨਾ ਹੋਵੇ ਤੇ ਕੋਈ ਦੇਵੇ ਤਦ ਕਹਿ ਦੇਂਦੇ ਸਨ ਕਿ ਇਸ ਚੀਜ਼ ਦੀ ਲੋੜ ਨਹੀਂ ਐਵੇਂ ਕਾਹਨੂੰ ਦੇਂਦੇ ਹੋ।

ਇਕ ਦਿਨ ਆਪ ਬਾਜ਼ਾਰ ਵਿਚ ਮਿਲ ਪਏ ਪੁੱਛਣ ਲਗੇ ਕਿਥੇ ਚੱਲੇ ਹੋ? ਉਤਰ-ਘਰ ਜਾ ਰਹੇ ਹਾਂ, ਛੋਟੇ ਭ੍ਰਾਤਾ ਦਾ ਵਿਵਾਹ ਹੈ। ਇਹ ਸੁਣਕੇ ਆਪ ਨਾਲ ਹੀ ਗੱਡੀ ਵਿਚ ਆ ਬੈਠੇ ਤੇ ਨਾਲ ਹੀ ਘਰ ਪੁੱਜ ਗਏ। ਸੰਤ ਜੀ ਨੂੰ ਸਤਿਕਾਰ ਨਾਲ ਬਿਠਾ ਕੇ ਕੁਛ ਮਠਿਆਈ ਆਦਿ ਭੇਟ ਕੀਤੀ ਗਈ। ਸੰਤ ਜੀ ਕਹਿਣ ਲਗੇ ਕਿ ਇਹ ਤਾਂ ਗੁਰੂ ਕੇ ਸਿਖ ਛਕ ਲੈਣਗੇ, ਪਰ ਮੈਨੂੰ ਆਟਾ ਦਿਓ ਜੋ ਲੰਗਰ ਵਿਚ ਕੰਮ ਆਵੇ, ਮਠਿਆਈ ਨਾਲ ਬਿਹੰਗਮਾਂ ਨੂੰ ਮੇਲ ਨਹੀਂ ਚਾਹੀਦਾ।

ਸੰਤ ਜੀ ਨੇ ਸਾਰੀ ਉਮਰ ਸੇਵਾ ਕੀਤੀ ਤੇ ਸਾਰਾ ਜਨਮ ਸੇਵਾ ਤੇ ਲਾਇਆ, ਆਪਣੇ ਵਾਸਤੇ ਕੋਈ ਮਿਲਖ, ਜਾਇਦਾਦ ਨਹੀਂ ਬਣਾਈ। ਲੋਕਾਂ ਦੇ ਦਿਲਾਂ ਵਿਚ ਜਿੰਨਾਂ ਪਿਆਰ, ਸਤਿਕਾਰ ਤੇ ਇਤਬਾਰ ਸੀ, ਜੇ ਚਾਹੁੰਦੇ ਤਾਂ ਲਖਪਤੀ ਹੋਕੇ ਜਾਂਦੇ, ਪਰ ਉਹ ਲੱਖ ਕੱਖ ਨੂੰ ਤੁੱਲਤਾ ਦੇਂਦੇ ਸਨ ਤੇ 'ਸੇਵਾ’ ਨੂੰ 'ਸਫਲਤਾ’ ਸਮਝਦੇ ਸਨ।

ਆਪ ਦਾ ਜੀਵਨ ਇਕ ਬੀਤਰਾਗ ਗੁਰਮੁਖ ਦੇ ਜੀਵਨ ਦਾ ਨਮੂਨਾ ਸੀ, ਆਪ ਦੀ ਗੱਲ ਬਾਤ ਬੜੇ ਬੜੇ ਗੁਹਯ ਭੇਦਾਂ ਨੂੰ ਖੋਲ੍ਹਣ ਵਾਲੀ ਹੁੰਦੀ ਸੀ।

ਇਕ ਵੇਰ ਇਕ ਸਿੰਘ ਜੀ ਬੀਮਾਰ ਹੋ ਗਏ, ਬੀਮਾਰੀ ਨੇ ਕਾਫੀ ਦਿਨ ਪਿੱਛਾ ਨਾ ਛਡਿਆ। ਸੰਤਾਂ ਨੂੰ ਇਨ੍ਹਾਂ ਦੇ ਨਾਲ ਪ੍ਰੇਮ ਸੀ, ਬੀਮਾਰੀ ਦੀ ਖਬਰ ਆਪ ਦੇ ਕੰਨਾਂ ਵਿਚ ਵੀ ਪੁਜੀ, ਆਪ ਆਏ ਤੇ ਕਹਿਣ ਲਗੇ ਕਿ ਮੈਂ ਬੀਮਾਰ ਨੂੰ ਵੇਖਣ ਨਹੀਂ ਆਇਆ ਤੇ ਨਾ ਹੀ ਇਹ ਪੁੱਛਣ ਆਇਆ ਹਾਂ ਕਿ ਬੀਮਾਰ ਹੈ ਜਾਂ ਤੰਦਰੁਸਤ, ਮੈਂ ਤਾਂ ਇਹ ਵੇਖਣ ਆਇਆ ਹਾਂਕਿ ਸਰੀਰਕ ਖੇਦ ਜਾਂ ਮੌਤ ਦੇ ਭੈ ਤੋਂ ਕਿਤੇ ਡੋਲ ਤਾਂ ਨਹੀਂ ਗਏ। ਤਕਲੀਫ ਆਈ ਵੇਖ ਕੇ ਡੋਲਣਾ ਨਹੀਂ ਚਾਹੀਦਾ, ਇਹ ਕੋਈ ਅਜਿਹੀ ਸ਼ੈ ਨਹੀਂ ਜਿਸ ਤੋਂ ਜੀਵ ਡਰੇ, ਅਡੋਲ ਤੇ ਸਾਵਧਾਨ ਹੋਕੇ

-੧੧੧-