ਪੰਨਾ:ਸੰਤ ਗਾਥਾ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਹ ਉਪਰ ਨੂੰ ਇਕ ਪਿੰਡ ਹੈ ਸਠਿਆਲਾ ਤੇ ਉਸ ਤੋਂ ਅਗੇ ਦੋ ਕੁ ਕੋਹ ਪਰੇ ਹੈ ਬੁਤਾਲਾ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਇਥੇ ਬਤਾਲੇ ਵਿਚ ਇਕ ਮਾਂ ਪੁਤ ਰਹਿੰਦੇ ਸਨ| ਪਤੀ ਬੀਬੀ ਦਾ ਮਰ ਚੁੱਕਾ ਸੀ, ਪੁੱਤ ਗਭਰੂ ਸੀ, ਵਾਹੀ ਕਰਦਾ ਸੀ, ਪਰ ਸੀ ਘਰਾਣਾ ਗਰੀਬੀ ਵਿਚ। ਉਂਞ ਇਹ ਗਭਰੂ ਸਮਝਦਾਰ; ਨੇਕ ਤੇ ਭਲੇ ਸੁਭਾਵ ਵਾਲਾ ਸੀ।

ਇਕ ਦਿਨ ਇਹ ਨੌਜਵਾਨ ਖੂਹ ਦੇ ਲਾਗਲੇ ਥੜ੍ਹੇ ਤੇ ਬੈਠਾ ਸੀ, ਉਂਞ ਖੂਹ ਵਗ ਨਹੀਂ ਸੀ ਰਿਹਾ। ਥੋੜ੍ਹੀ ਦੇਰ ਵਿਚ ਕੁਛ ਆਦਮੀ ਆ ਗਏ। ਇਨ੍ਹਾਂ ਵਿਚੋਂ ਇਕ ਸਜਣ ਕਿਸੇ ਮਿੱਠੀ ਸੁਰ ਵਿਚ ਬਾਣੀ ਪੜ੍ਹ ਰਿਹਾ ਸੀ ਤੇ ਬਾਕੀ ਦੇ ਸੁਣਦੇ ਆ ਰਹੇ ਸਨ। ਖੂਹ ਤੇ ਪਹੁੰਚ ਕੇ ਉਨ੍ਹਾਂ ਨੇ ਕਿਹਾ-ਭਾਈ ਭਲਿਆ ਲੋਕਾ! ਸਾਨੂੰ ਪਾਣੀ ਪਿਲਾ। ਖੂਹ ਤਾਂ ਬੰਦ ਸੀ, ਪਰ ਗੱਭਰੂ ਨੇ ਕੁਛ ਹੇਠਾਂ ਉਤਰਕੇ ਮਾਲ੍ਹ ਨਾਲੋਂ ਦੋ ਤ੍ਰੈ ਟਿੰਡਾਂ ਪਾਣੀ ਦੀਆਂ ਖੋਲ੍ਹ ਆਂਦੀਆਂ ਤੇ ਕਿਹਾ-ਆਓ ਭਾਈ! ਪਾਣੀ ਪੀ ਲਓ। ਜਾਂ ਉਹ ਅਗੇ ਵਧੇ ਤਾਂ ਇਕ ਨੇ ਪੁਛਿਆ-ਕਾਕਾ! ਤੁਸੀਂ ਕੌਣ ਹੁੰਦੇ ਹੋ? ਨਿਰਛਲ ਮੁੰਡੇ ਨੇ ਕਹਾ-ਹਾਂ ਤਾਂ ਅਸੀਂ ਹਿੰਦੂ, ਪਰ ਸਰਵਰੀਏ ਸਾਨੂੰ ਆਖਦੇ ਹਨ। ਤਦ ਉਨ੍ਹਾਂ ਨੇ ਕਿਹਾ ਕਿ ਭਾਈ ਤੂੰ ਆਪਣਾ ਪਾਣੀ ਸੰਭਾਲ ਲੈ, ਤੇਰੇ ਹੱਥ ਦਾ ਪਾਣੀ ਅਸਾਂ ਨਹੀਂ ਪੀਣਾ, ਤੁਸੀਂ ਬਿਨਮੇ ਹੋ। ਸੋ ਉਹ ਸਾਰੇ ਤਿਹਾਏ ਉੱਥੋਂ ਚਲੇ ਗਏ ਤੇ ਗਭਰੂ ਨੇ ਇਹ ਵਾਰਤਾ ਮਾਂ ਨੂੰ ਜਾ ਸੁਣਾਈ ਤੇ ਪੁੱਛਿਆ-ਮਾਂ! ਉਹਨਾਂ ਨੇ ਕਿਉਂ ਪਾਣੀ ਨਹੀਂ ਪੀਤਾ ਤੇ ਮੈਨੂੰ ਇਹ ਕੀ ਆਖਿਆ ਸਾਨੇ ਕਿ ਤੁਸੀਂ ਬਿਨਮੇ ਹੋ? ਮਾਂ ਬੋਲੀ-ਓਹ ਗੁਰੂ ਨਾਨਕ ਦੇਵ ਦੇ ਸਿਖ ਸਨ ਜੋ ਬਾਣੀ ਪੜ੍ਹਦੇ ਸਨ ਤੇ ਜਿਨ੍ਹਾਂ ਨੇ ਤੈਨੂੰ ਸਖੀ ਸਰਵਰ ਦਾ ਸੁਣਕੇ ਪਾਣੀ ਨਹੀ ਪੀਤਾ। ਸਿੱਖ ਸਰਵਰੀਏ ਨਾਲ ਨਹੀਂ ਵਰਤਦੇ, ਬਿਨਮੇ* ਆਖਦੇ ਹਨ।


*ਬੇਨਿਯਮੇ, ਅਰਥਾਤ ਬੇਅਸੂਲੇ। ਪਈ ਹਨ ਤਾਂ ਹਿੰਦੂ ਤੇ ਪੂਜਾ ਕਰਦੇ ਹਨ ਮੁਸਲਮਾਨ ਪੀਰਾਂ ਦੀ, ਨਾ ਇਤਕੇ ਨਾ ਉਤਕੇ।

-੧੨੧-