ਪੰਨਾ:ਸੰਤ ਗਾਥਾ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੜ ਜਦ ਉਹ ਹੱਜ ਕਰਕੇ ਆ ਗਿਆ ਤਾਂ ਉਹ ਜੋ ਸੰਤਾਂ ਦਾ ਉਪਦੇਸ਼ ਸੀ ‘ਦਿਲ ਖੋਜ’ ਉਸ ਦਾ ਐਸਾ ਅਸਰ ਪਿਆ ਕਿ ਦੋਵੇਂ ਮੀਆਂ ਬੀਬੀ ਖ਼ੁਦਾ ਪਰਸਤ ਹੋ ਗਏ। ਮੁਸਲਮਾਨਾਂ ਬਾਬਤ ਸੰਤਾਂ ਨੇ ਇਕ ਵੇਰ ਫਰਮਾਯਾ ਇਨ੍ਹਾਂ ਵਿਚ ‘ਇਕ’ ਵੱਲ ਜੋ ਨਿਗਾਹ ਹੈ ਉਹ ਚੰਗੀ ਗਲ ਹੈ, ਅਨੇਕ ਪਾਸੇ ਨਜ਼ਰ ਨਹੀਂ ਚਾਹੀਏ।

੧੫. ਕਰਾਮਾਤੀ ਰੰਗ-

ਕਰਾਮਾਤੀ ਰੰਗ ਦੇ ਹਾਲਾਤ ਵਿਚ ਆਪ ਜੀ ਦੀ ਬਾਬਤ ਪ੍ਰਸਿੱਧ ਹੈ ਕਿ ਕਈ ਵੇਰ ਪ੍ਰੀਖਯਾ ਕਰਨ ਵਾਲੇ ਦਿਲਚਲਿਆਂ ਨੇ ਆਪ ਨੂੰ ਧਤੁਰਾ, ਸੰਖੀਆ ਆਦਿ ਜ਼ਹਿਰ ਦੇ ਦਿਤੇ। ਇਹ ਨਾਮੁਨਾਸਬ ਵਰਤਾਉ ਲਖਨਾ, ਭਿੰਡ, ਸਮਥਰ, ਘੁਵਾਵਾਂ,ਬਾਟ ਆਦਿ ਪਿੰਡਾਂ ਵਿਚ ਹੋਏ, ਪਰ ਆਪ ਨੂੰ ਕਦੇ ਜ਼ਹਿਰ ਨਹੀਂ ਚੜ੍ਹਿਆ ਤੇ ਨਾ ਨਸ਼ਾ ਆਇਆ।

ਭਿੰਡ ਵਿਚ ਜੋ ਛਾਲੋਨਾ ਨਾਮੇ ਥਾਉਂ ਹੈ ਉਥੇ ਇਕ ਮੰਦਰ ਤੇ ਤਲਾ ਹੈ, ਤਲਾ ਦੇ ਨੇੜੇ ਹੀ ਸੰਤਾਂ ਦੀ ਧੂਣੀ ਹੈ, ਇਸੇ ਕਰਕੇ ਹੀ ਆਪ ਦਾ ਨਾਮ ਲੋਕਾਂ ਨੇ ਛਾਲੋਨੇ ਵਾਲੇ ਬਾਬਾ ਜੀ ਪਾਇਆ ਹੋਇਆ ਸੀ। ਏਥੇ ਸ਼ਿਕਾਰ ਦੀ ਆਗਯਾ ਨਹੀਂ, ਦੋ ਫੌਜੀ ਸਿਪਾਹੀਆਂ ਨੇ ਕੋਈ ਪੰਛੀ ਮਾਰਨੇ ਲਈ ਬੰਦੂਕ ਚਲਾਈ, ਦੋ ਸੱਪ ਉਥੇ ਨਿਕਲੇ ਤੇ ਉਹਨਾਂ ਦੇ ਮਗਰ ਪੈ ਗਏ। ਇਹ ਦੋਵੇਂ ਸਿਰਪਟ ਦੌੜਕੇ ਸੰਤਾਂ ਦੀ ਸ਼ਰਨ ਜਾ ਪਏ ਤਾਂ ਸੱਪਾਂ ਨੇ ਪਿੱਛਾ ਛਡਿਆ।

੧੬. ਉਪਦੇਸ਼-

ਉਪਦੇਸ਼ ਦੀ ਕਿਸਮ ਦੇ ਆਪਦੇ ਵਾਕ ਇਸ ਪ੍ਰਕਾਰ ਦੇ ਮਿਲਦੇ ਹਨ:-

੧. ਹਠ ਯੋਗ ਦੇ ਅਭਿਆਸ ਨਾਲ ਸਰੀਰ ਅਰੋਗ ਰਹਿੰਦਾ ਹੈ, ਤਾਕਤ ਬਣੀ ਰਹਿੰਦੀ ਹੈ। ਪਰਮੇਸ਼ੁਰ ਦਾ ਮਿਲਾਪ ਉਸ ਦੇ ਹੁਕਮ ਨਾਲ ਹੈ। ਉਸ ਦੇ ਹੁਕਮ ਦੀ ਪ੍ਰਾਪਤੀ ਉਸ ਤੇ ਵਿਸ਼ਵਾਸ਼ ਕਰਨ ਨਾਲ ਮਿਲਦੀ ਹੈ, ਵਿਸ਼ਵਾਸ਼ ਨਾਮ ਭਗਤੀ ਦਾ ਹੈ। ਭਗਤੀ ਦਾਨ ਪਰਮਾਤਮਾ ਪਾਸੋਂ ਮੰਗਣਾ ਲੋੜੀਏ।

-੧੪੬-