ਪੰਨਾ:ਸੰਤ ਗਾਥਾ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਰੰਗ ਉਡ ਗਿਆ। ਹਥ ਜੋੜਕੇ ਕਹਿਣ ਲਗੇ—ਮਹਾਰਾਜ! ਅਜ ਤਾਂ ਇਨ੍ਹਾਂ ਦਾ ਖਿਆਲ ਨਹੀਂ ਰਿਹਾ। ਸੰਤ ਜੀ ਕਹਿਣ ਲਗੇ-ਤੁਸਾਂ ਅਜ ਦੇਵਤਿਆਂ ਨੂੰ ਭੁਲਾਕੇ ਯਾਦ ਕਿਸਨੂੰ ਰੱਖਿਆ ਹੈ? ਨਿਰਛਲ ਮਨ ਦੇ ਸ਼ੁੱਧ, ਅੰਦਰੋਂ ਬਾਹਰੋਂ ਇਕ ਏਹ ਬੱਚੇ ਹੁੰਦੇ ਹਨ, ਇਨ੍ਹਾਂ ਨੂੰ ਨਾ ਭੁੱਲਿਆ ਕਰੋ। ਹੱਛਾ ਹੁਣੇ ਧਰੋ ਕੜਾਹੀ ਇਨ੍ਹਾਂ ਲਈ ਪੂੜੇ ਤਲੋ ਤੇ ਖੀਰ ਬਣਾਓ। ਸੰਤਾਂ ਨੇ ਦੋ ਤਿੰਨ ਆਦਮੀਆਂ ਨੂੰ ਲਗਾਕੇ ਵਿਹੜੇ ਵਿਚ ਸਫਾਂ ਵਿਛਾਈਆਂ। ਆਪ ਇਕ ਸਫ ਤੇ ਬੈਠ ਗਏ, ਸਾਨੂੰ ਵੀ ਸਾਰਿਆ ਨੂੰ ਸਫਾਂ ਤੇ ਬਿਠਾ ਲਿਆ। ਪਹਿਲਾਂ ਤਾਂ ਕੁਛ ਚਿਰ ਹਰ ਇਕ ਕੋਲੋਂ ਪੁੱਛਦੇ ਰਹੇ: ਤੂੰ ਕਿਹੜੀ ਜਮਾਤ ਵਿਚ ਹੈਂ? ਕਿਹੜੀ ਕਿਹੜੀ ਕਿਤਾਬ ਪੜ੍ਹਨਾ ਹੈਂ? ਤੇਰੇ ਪਿਤਾ ਦਾ ਕੀ ਨਾਮ ਹੈ? ਤੈਨੂੰ ਪਤਾ ਹੈ ਸਾਡੇ ਸਾਰਿਆਂ ਦਾ ਇਕੋ ਪਿਤਾ ਹੈ, ਜਿਸ ਦੇ ਅਸੀਂ ਸਾਰੇ ਪੁੱਤਰ ਹਾਂ। ਹਿੰਦੂ ਮੁਸਲਮਾਨ ਸਿਖ ਉਸ ਦੇ ਕੀਤੇ ਹੋਏ ਹਨ? ਅਸੀਂ ਆਪੋ ਵਿਚ ਭਰਾ ਹਾਂ, ਇਕ ਦੂਜੇ ਨਾਲ ਮਿਲਕੇ ਰਹਿਣਾ ਚਾਹੀਦਾ ਹੈ, ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਮਾੜੇ ਕਰਮਾਂ ਤੋਂ ਬਚਣਾ ਚਾਹੀਦਾ ਹੈ। ਸਾਡੇ ਸਾਰਿਆਂ ਦੇ ਪਿਤਾ ਦਾ ਨਾਮ ‘ਵਾਹਿਗੁਰੂ’ ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਉਸ ਦਾ ਨਾਮ ਲੈਣ ਨਾਲ ਸੁਖ ਮਿਲਦਾ ਹੈ। ਇਤ੍ਯਾਦਿਕ ਗੱਲਾਂ ਕਰਕੇ ਕਹਿਣ ਲਗੇ-ਲਓ ਹੁਣ ਪਹਿਲਾਂ ਮੈਂ ਪਿਤਾ ਦਾ ਨਾਮ ਲਵਾਂਗਾ, ਫਿਰ ਤੁਸਾਂ ਸਾਰਿਆਂ ਨੇ ਨਾਮ ਲੈਣਾ, ‘ਸਤਿਨਾਮ ਸ੍ਰੀ ਵਾਹਿਗੁਰੂ' ਅਗੇ ਅਗੋਂ ਉਹ ਕਹਿੰਦੇ ਰਹੇ ਤੇ ਪਿੱਛੇ ਪਿੱਛੇ ਅਸੀਂ ਕਹਿੰਦੇ ਰਹੇ। ਥੋੜ੍ਹੇ ਚਿਰ ਪਿੱਛੋਂ ਫਿਰ ਉਪਰ ਦੱਸੇ ਵਾਂਗ ਗੱਲਾਂ ਪੁੱਛਣ ਤੇ ਦੱਸਣ ਲੱਗ ਪੈਂਦੇ, ਫਿਰ ਸਤਿਨਾਮ ਸ੍ਰੀ ਵਾਹਿਗੁਰੂ ਪੜ੍ਹਦੇ ਪੜ੍ਹਦੇ, ਇਸ ਤਰ੍ਹਾਂ ਨਾਲ ਕੋਈ ਘੰਟਾ ਬੀਤ ਗਿਆ। ਇੰਨੇ ਨੂੰ ਖੀਰ ਤੇ ਪੂੜੇ ਬਣ ਗਏ, ਹੁਣ ਸੰਤਾਂ ਨੇ ਅਸਾਂ ਸਾਰਿਆਂ ਨੂੰ ਆਪਣੀ ਹੱਥੀਂ ਰਜਾ ਰਜਾ ਕੇ ਖਵਾਏ ਤੇ ਜਾਣ ਲੱਗਿਆਂ ਘਰ ਵਾਸਤ ਵੀ ਖੀਰ ਪੂੜਿਆਂ ਦਾ ਪ੍ਰਸ਼ਾਦ ਨਾਲ ਦਿਤਾ।

-੧੫੬-