ਪੰਨਾ:ਸੰਤ ਗਾਥਾ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੀ ਕਿ ਤੈਨੂੰ ਕੋਈ ਮਾਰੇ। ਇਸ ਸੜਕੇ ਸੜਕ ਚਲਿਆ ਜਾਹ, ਕਿਸੇ ਨੂੰ ਦੁੱਖ ਦੇਹ ਤੇ ਨਾ ਆਪ ਦੁੱਖ ਲੈ, ਜਾਹ ਚਲਾ ਜਾਹ, ਤੇਰਾ ਹੁਣ ਅੰਨ ਜਲ ਮੁੱਕ ਚੁਕਾ ਹੈ, ਸਾਡੇ ਨਾਲ ਬੀ ਤੇਰਾ ਇੰਨੇ ਚਿਰ ਦਾ ਹੀ ਮੇਲਾ ਸੀ, ਜਾਹ ਦੌੜ ਜਾਹ ਤੇ ਇਹ ਸਰੀਰ ਬਿਨਾਂ ਕਿਸੇ ਨੂੰ ਕੱਟੇ ਦੇ ਤ੍ਯਾਗ ਦੇਹ’। ਸੰਤਾਂ ਨੇ ਹੱਥ ਨਾਲ ਸੜਕ ਵੱਲ ਇਸ਼ਾਰਾ ਕੀਤਾ, ਮੰਗਲੀ ਉਸ ਪਾਸੇ ਵਲ ਨੂੰ ਦੌੜ ਗਿਆ ਤੇ ਦੋ ਤਿੰਨ ਫਰਲਾਂਗ ਦੇ ਫਾਸਲੇ ਤੇ ਜਾਕੇ ਡਿਗ ਪਿਆ ਤੇ ਉਥੇ ਹੀ ਉਹਦੀ ਜਾਨ ਨਿਕਲ ਗਈ।

੮. ਸਰਬੱਤ ਦਾ ਦਰਦ-

ਗੁਰਦੁਵਾਰੇ ਦੇ ਲਾਗੇ ਬੜੇ ਦਰੱਖਤ ਸਨ, ਇਨ੍ਹਾਂ ਵਿਚ ਇਕ ਬੇਰੀ ਵੀ ਸੀ, ਇਸ ਦੇ ਬੇਰ ਬੜੇ ਮਿੱਠੇ ਹੁੰਦੇ ਸਨ। ਛੁੱਟੀ ਮਿਲਣ ਤੇ ਲੜਕੇ ਉਸ ਨਾਲ ਚੰਬੜੇ ਰਹਿੰਦੇ ਸਨ। ਇਕ ਦਿਨ ਇਕ ਲੜਕਾ ਬੇਰੀ ਤੇ ਚੜ੍ਹਕੇ ਬੇਰ ਝੂਣ ਰਿਹਾ ਸੀ ਤੇ ਕੁਛ ਲੜਕੇ ਹੇਠ ਬੇਰ ਚੁਣ ਰਹੇ ਸਨ। ਲੜਕੇ ਨੇ ਇਕ ਟਹਿਣੇ ਨੂੰ ਫੜਕੇ ਝੂਣਾ ਦਿਤਾ, ਟਾਹਣਾ ਟੁੱਟ ਗਿਆ ਤੇ ਲੜਕਾ ਹੇਠ ਆ ਪਿਆ। ਹੇਠ ਰੜਾ ਸੀ, ਲੜਕੇ ਦੇ ਸਿਰ ਵਿਚ ਡਾਢੀ ਸੱਟ ਲੱਗੀ ਤੇ ਬੇਹੋਸ਼ ਹੋ ਗਿਆ। ਲੜਕੇ ਨੱਠ ਨੱਠ ਗੁਰਦੁਵਾਰੇ ਗਏ, ਤਾਕਿ ਮੰਜਾ ਲਿਆਉਣ ਤੇ ਲੜਕੇ ਨੂੰ ਮੰਜੇ ਤੇ ਪਾਕੇ ਘਰ ਪਚਾਉਣ। ਸੰਤਾਂ ਨੂੰ ਬੀ ਪਤਾ ਲੱਗ ਗਿਆ। ਆਪ ਉਸੇ ਵੇਲੇ ਡੇਰੇ ਦੇ ਸੇਵਾਦਾਰਨੂੰ ਨਾਲ ਲੈਕੇ ਉਥੇ ਜਾ ਪਹੁੰਚੇ ਤੇ ਲੜਕੇ ਨੂੰ ਕਵਾਕੇ ਡੇਰੇ ਲੈ ਆਂਦਾ। ਲੜਕਾ ਮੁਸਲਮਾਨਾਂ ਦਾ ਸੀ, ਪਰ ਸੰਤਾਂ ਦੇ ਅੰਦਰ ਜਿਹੜੀ ਪਿਆਰ ਦੀ ਗੰਗਾ ਵਗ ਰਹੀ ਸੀ ਉਸ ਵਿਚ ਹਿੰਦੂ ਮੁਸਲਮ ਦਾ ਕੋਈ ਫਰਕ ਨਹੀਂ ਸੀ, ਉਹ ਮਨੁੱਖ ਮਾਤਰ ਨੂੰ ਪਿਆਰਦੇ ਤੇ ਸਭ ਦਾ ਦਰਦ ਵੰਡਦੇ ਸਨ, ਉਹ ਅਨੇਕਾਂ ਵਿਚ ਇਕ ਵੇਖਦੇ ਤੇ ਹਰ ਜਾਮੇ ਵਿਚ ਪਿਆਰੇ ਪ੍ਰੀਤਮ ਦੀ ਜੋਤ ਤੱਕਦੇ ਸਨ। ਡੇਰੇ ਵਿਚ ਲਿਆਕੇ ਆਪ ਨੇ ਆਪਣੇ ਹੱਥੀਂ ਲੜਕੇ ਨੂੰ ਗਰਮ ਗਰਮ ਦੁੱਧ ਛਕਾਇਆ ਤੇ ਲੜਕੇ ਦੇ

-੧੫੮-