ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/19

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਰਾਧਾ ਕ੍ਰਿਸ਼ਨ ਮਾੜਾ ਹੈ ਧੰਨ ਗੁਰੂ ਨਾਨਕ ਚੰਗਾ ਹੈ?’

ਤਦ ਭਾਈ ਜੀ ਨੇ ਪਰਤਕੇ ਡਿੱਠਾ ਤੇ ਕੁਛ ਸਮਝਾਇਆ ਜਿਸ ਦਾ ਭਾਵ ਇਸ ਪ੍ਰਕਾਰ ਦਾ ਸੀ ‘ਨਾਮ ਭਾਈ ਕਿਉਂ ਕਿਸੇ ਦਾ ਮਾੜਾ ਹੈ, ਪਰ ਜਿਸ ਦਾ ਰਾਜ ਉਸ ਦਾ ਤੇਜ, ਉਸ ਦਾ ਸਿੱਕਾ ਤੇ ਸਿੱਕੇ ਤੇ ਨਾਮ। ਜ਼ਰਾ ਮਨ ਜੋੜਕੇ ਬੇਠ, ਉਡਾਰੀ ਲਾ ਅਰਸ਼ਾਂ ਵਿਚ, ਤੱਕ, ਦੇਖ ਆਤਮ ਮੰਡਲਾਂ ਵਿਚ ਰਾਜ ਗੁਰੂ ਨਾਨਕ ਦਾ ਹੈ, ਆਤਮ ਮੰਡਲਾਂ ਦੇ ਰਾਜੇ ਦੀ ਦੋਹੀ ਦੇ ਰਹੇ ਹਾਂ।' ਇਸ ਤਰ੍ਹਾਂ ਦੇ ਵਾਕ ਕਰਕੇ ਆਪ ਫੇਰ ਆਪਣੀ ਉਸੇ ਧੁਨਿ ਵਿਚ ਮਸਤ ਹੋ ਗਏ*।

ਭਜਨ ਬੰਦਗੀ ਆਚਰਣ ਸੁਆਰਨ ਦੇ ਸਿਵਾ ਅੱਡਣਸ਼ਾਹੀ ਡੇਰਿਆਂ ਵਿਚ ਪਰੋਪਕਾਰ ਦਾ ਸਾਮਾਨ ਬੀ ਚੋਖਾ ਰਹਿੰਦਾ ਸੀ। ਭਾਈ ਕਨ੍ਹੱਯਾ ਜੀ ਇਸ ਸੰਪ੍ਰਦਾ ਦੇ ਵੱਡੇ ਸ੍ਰੀ ਦਸਮ ਪਾਤਸ਼ਾਹ ਜੀ ਦੇ ਸਮੇਂ ਸੰਗਤਾਂ ਨੂੰ ਜਲ ਛਕਾਇਆ ਕਰਦੇ ਸਨ। ਖ੍ਯਾਲ ਪੈਂਦਾ ਹੈ ਕਿ ਤਦ ਤੋਂ ਹੀ ਜ਼ਖਮਾਂ ਤੇ ਮੱਲ੍ਹਮ ਲਾਉਣ ਦਾ ਕੰਮ ਬੀ ਆਪ ਦੇ ਹਿੱਸੇ ਸੀ। ਉਸ ਮੂਜਬ ਹੁਣ ਤਕ ਗੰਦੇ ਬਰੋਜ਼ੇ ਦੀ ਮੱਲ੍ਹਮ ਅੱਡਣਸ਼ਾਹੀ ਡੇਰਿਆਂ ਵਿਚ ਲੋੜਵੰਦਾਂ ਨੂੰ ਮੁਫ਼ਤ ਮਿਲਦੀ ਆਈ ਹੈ। ਲੰਗਰ ਤਾਂ ਚਲਦਾ ਹੀ ਸੀ, ਅਕਸਰ ਟਿਕਾਣਿਆਂ ਵਿਚ ਲੰਗਰ ਤੋਂ ਮਗਰੋਂ ਬੀ ਗ਼ਰੀਬ ਗ਼ੁਰਬੇ, ਬਾਲ, ਬੁੱਢੇ ਤੇ ਭੁੱਖੇ ਆਏ ਗਏ ਨੂੰ ਟੁੱਕਰ ਮਿਲਦਾ ਰਹਿੰਦਾ ਸੀ। ਇਸੇ ਤਰ੍ਹਾਂ ‘ਸਤ ਗਿਲੋ’, ‘ਅੱਖਾਂ ਦਾ ਲੇਪ’, ‘ਹਾਜ਼ਮੇ ਦੀਆਂ ਗੋਲੀਆਂ’ ਆਦਿ ਦਵਾਈਆਂ ਦਾ ਟਿਕਾਣਾ ਬੀ ਧਰਮਸਾਲ ਹੁੰਦੀ ਸੀ। ਗਿਰਾਂ ਦੇ ਬੱਚੇ ਬੀ ਗੁਰਮੁਖੀ ਵਿਦ੍ਯਾ ਇਥੇ ਹੀ ਪਾਉਂਦੇ ਸਨ। ਇਨ੍ਹਾਂ ਪਰੋਪਕਾਰਾਂ ਦੇ ਨਾਲ ਅਕਸਰ ਧਰਮਸਾਲ ਟਿਕਾਣੇ ਨਵੇਂ ਪੁਆਣੇ, ਖੂਹ ਤਲਾ ਲੁਆਉਣੇ ਆਦਿਕ ਸੇਵਾ ਬੀ ਹੁੰਦੀਆਂ ਸਨ।


*ਮੁਕਾਬਲਾ ਕਰੋ ਭਾਈ ਸ਼ੰਕਰ ਦਿਆਲ ਫੈਜ਼ਾਬਾਦੀ ਦੇ ਜਪੁਜੀ ਦੇ ਟੀਕੇ ਦੇ ਦੀਬਾਚੇ ਦਾ, ਜਿਸ ਵਿਚ ਆਪ ਨੇ ਸਾਰੇ ਪੈਕੰਬਰਾਂ ਤੇ ਅਵਤਾਰਾਂ ਨੂੰ ‘ਗੁਰੂ ਜਯੋਤੀ’ ਦੇ ਤਾਬੇ ਸਾਬਤ ਕੀਤਾ ਹੈ।

-੧੪-