ਪੰਨਾ:ਸੰਤ ਗਾਥਾ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਰਾਮ ਕਿਸ਼ਨ ਜੀ ਨੂੰ ਬੀ ਐਸੇ ਸਮੇਂ ਆਉਂਦੇ ਸਨ ਤੇ ਆਪ ਆਪਣੇ ਭਜਨਾਨੰਦ ਵਿਚ ਮਗਨ ਰਹਿੰਦੇ ਹੋਏ ਬੀ ਉਪਕਾਰ ਸੇਵਾ ਵਲੋਂ ਕਦੇ ਅਵੇਸਲੇ ਨਹੀਂ ਸਨ ਹੁੰਦੇ। ਇਕ ਵੇਰ ਆਕਲਸ਼ਾਹ ਨਾਮੇ ਪਿੰਡ ਦੇ ਹਿੰਦੂ ਸਿਖਾਂ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਖੂਹ ਲਗਾਵਣ ਦੀ ਕ੍ਰਿਪਾਲਤਾ ਕਰੋ। ਆਕਲਸ਼ਾਹ ਪਿੰਡ ਸ਼ਾਹਪੁਰੋਂ ਕੋਹ ਦੀ ਵਾਟ ਤੇ ਹੈ। ਪਿੰਡ ਵਿਚ ਖੂਹ ਤਾਂ ਹੈਸੀ, ਪਰ ਮੁਸਲਮਾਨਾਂ ਦਾ ਹੋਣ ਕਰਕੇ ਕੁਛ ਤੰਗੀ ਪ੍ਰਤੀਤ ਹੁੰਦੀ ਰਹਿੰਦੀ ਸੀ। ਉਪਕਾਰ ਸਮਝਕੇ ਅਗਲੇ ਦਿਨ ਆਪ ਸਵੇਰੇ ਫਿਰਦੇ ਤੁਰਦੇ ਪਿੰਡ ਅੱਪੜ ਗਏ; ਸੰਗਤ ਇਕੱਤ੍ਰ ਹੋ ਗਈ ਤੇ ਆਪ ਦਾ ਬੜਾ ਸਨਮਾਨ ਕੀਤਾ ਗਿਆ। ਆਪ ਦੇ ਭਜਨ ਵਾਲੇ ਸਰੀਰ ਦੀ ਬਰਕਤ ਨਾਲ ਮਾਇਆ ਬੀ ਇਕੱਤ੍ਰ ਹੋ ਗਈ। ਜਦ ਭਾਈ ਸਾਹਿਬ ਖੂਹ ਦਾ ਟੱਕ ਲਗਾਵਣ ਲਈ ਤਿਆਰ ਹੋਏ ਤਾਂ ਪਿੰਡ ਦਾ ਇਕ ਨੰਬਰਦਾਰ ਆ ਗਿਆ ਤੇ ਆਖਣ ਲੱਗਾ ਕਿ ਮੈਂ ਤਾਂ ਖੂਹ ਇਥੇ ਨਹੀਂ ਲੱਗਣ ਦੇਣਾ, ਜ਼ਮੀਨਾਂ ਦੇ ਮਾਲਕ ਅਸੀਂ ਹਾਂ, ਇਨ੍ਹਾਂ ਲੋਕਾਂ ਦਾ ਕੋਈ ਹੱਕ ਨਹੀਂ ਕਿ ਖੂਹ ਲਾਉਣ।

ਭਾਈ ਸਾਹਿਬ ਜੀ ਨੇ ਕਿਹਾ, "ਭਾਈ, ਇਹ ਉਪਕਾਰ ਦਾ ਕੰਮ ਹੈ ਤੇ ਜਲ ਰੱਬੀ ਦਾਤ ਹੈ, ਭਲੇ ਕੰਮ ਵਿਚ ਰੋੜਾਅਟਕਾਉਣਾ ਠੀਕ ਨਹੀਂ, ਤੁਸੀਂ ਖੁਸ਼ੀ ਖੁਸ਼ੀ ਖੂਹ ਲੱਗਣ ਦਿਓ ਤੇ ਗੁਰੂ ਦੀਆਂ ਖੁਸ਼ੀਆਂ ਲਵੋ।" ਪਰ ਉਸ ਹੰਕਾਰੀ ਨੇ ਇਕ ਨਾ ਮੰਨੀ ਤੇ ਆਪਣਾ ਜ਼ੋਰ ਡਰ ਦਸਣ ਲਗਾ। ਤਾਂ ਸੰਤਾਂ ਨੇ ਉਚਾਰਿਆ, "ਭਾਈ! ਅਸੀਂ ਫਕੀਰ ਹਾਂ ਸਾਈਂ ਦੇ, ਸਾਈਂ ਦੇ ਰਾਹ ਦਾ ਦਰ ਨੀਵਾਂ ਹੈ, ਅਸਾਂ ਨੀਉਂ ਚੱਲਣਾ ਹੈ, ਪਰ ਏਥੇ ਨਾ ਕੇਵਲ ਖੂਹ ਲਗਣਾ ਹੈ ਸਗੋਂ ਧਰਮਸਾਲ ਬਣਨੀ ਹੈ, ਇਹ ਗਲ ਅਟੱਲ ਹੈ, ਤੂੰ ਜਾਹ ਸੋਚ ਲੈ ਤੇ ਅਟਕ ਨਾ ਪਾ। ਗੁਰੂ ਨਾਨਕ ਨੇ ਇਹ ਕਾਰਜ ਆਪ ਜ਼ਰੂਰ ਸੰਵਾਰਨਾ ਹੈ ਜ਼ਰੂਰ ਸੰਵਾਰਨਾ ਹੈ, ਤੂੰ ਵਿਘਨਕਾਰੀ ਨਾ ਹੋ, ਜੇ ਹੋਵੇਂਗਾ ਤਾਂ ਬੀ ਕਾਰਜ ਨਹੀਂਓ ਰੁਕਣਾ। ਇਹ ‘ਧੰਨ ਗੁਰੂ ਨਾਨਕ’ ਨੇ ਰੰਗ ਲਾਉਣਾ ਹੈ ਜ਼ਰੂਰ"। ਪਰ ਨੰਬਰਦਾਰ ਨਾ ਮੰਨਿਆ ਤੇ ਟੁਰ ਗਿਆ ਤੇ ਪਿੰਡ ਦੇ ਲੋਕ ਬੀ

-੧੫-